ਅਬੋਹਰ, 20 ਦਸੰਬਰ(ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਮੌਸਮ ਮੁਤਾਬਿਕ ਉਤਪਾਦਾਂ ਦੀ ਵਰਤੋਂ ਕਰਕੇ ਸਕਿਨ ਦੀ ਸੰਭਾਲ ਕੀਤੀ ਜਾ ਸਕਦੀ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਅਬੋਹਰ ਵਿਖੇ ਤਾਇਨਾਤ ਸਕਿਨ ਸਪੈਸ਼ਲਿਸਟ ਮੈਡੀਕਲ ਅਫ਼ਸਰ ਡਾ. ਸੌਰਭ ਨਾਰੰਗ ਨੇ ਦੱਸਿਆ ਕਿ ਹਰ ਕੋਈ ਚਾਹੁੰਦਾ ਹੈ ਕਿ ਓਹਦੀ ਸਕਿਨ ਨਿੱਖਰੀ ਰਹੇ ਤੇ ਸਕਿਨ ਤੇ ਕਿਸੇ ਤਰਾਂ ਦਾ ਦਾਗ਼ ਜਾਂ ਧੱਬੇ ਨਾ ਹੋਣ ਤੇ ਇਹਦੇ ਲਈ ਉਹ ਬਿਨਾਂ ਸੋਚੇ ਸਮਝੇ ਮਾਰਕੀਟ ਵਿਚ ਉਪਲਬਧ ਉਤਪਾਦਾਂ ਦੀ ਵਰਤੋਂ ਕਰਨ ਲੱਗਦਾ ਹੈ ਜਦਕਿ ਇਹ ਸਹੀ ਨਹੀਂ ਹੈ | ਸਿਵਲ ਹਸਪਤਾਲ ਵਿਚ ਸਕਿਨ ਦੀ ਸਮੱਸਿਆਵਾਂ ਨਾਲ ਸੰਬੰਧਿਤ ਆਉਣ ਵਾਲੇ ਮਰੀਜ਼ਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਓ.ਪੀ.ਡੀ ਮੁਤਾਬਿਕ 10 ਪ੍ਰਤੀਸ਼ਤ ਤੋਂ ਵੱਧ ਮਰੀਜ਼ ਸਕਿਨ ਦੀ ਸਮੱਸਿਆ ਵਾਲੇ ਹਸਪਤਾਲ ਆ ਰਹੇ ਹਨ | ਮਹੀਨੇ ਵਿਚ 1200 ਤੋਂ 1400 ਮਰੀਜ਼ਾਂ ਦੀ ਜਾਂਚ ਅਤੇ ਲੋੜ ਪੈਣ ਤੇ ਸਰਜਰੀ ਵੀ ਕੀਤੀ ਜਾ ਰਹੀ ਹੈ | ਉਂਞ ਤਾਂ ਹਰੇਕ ਉਮਰ ਦੇ ਮਰੀਜ਼ ਆਉਂਦੇ ਹਨ ਪਰ ਇਹਨਾਂ ਵਿਚ ਵੀ ਕਿਸ਼ੋਰਾਵਸਥਾ ਵਾਲੇ ਮਰੀਜ਼ ਜ਼ਿਆਦਾ ਹਨ | ਹਸਪਤਾਲ ਵਿਚ ਸੋਮਵਾਰ ਅਤੇ ਵੀਰਵਾਰ ਤੋਂ ਇਲਾਵਾ ਬਾਕੀ ਦਿਨਾਂ ਵਿਚ ਸਕਿਨ ਮਰੀਜ਼ਾਂ ਦੀ ਲੋੜੀਂਦੀ ਸਰਜਰੀ ਕੀਤੀ ਜਾਂਦੀ ਹੈ | ਡਾ. ਸੌਰਭ ਨਾਰੰਗ ਨੇ ਦੱਸਿਆ ਕਿ ਠੰਢ ਦੇ ਮੌਸਮ ਵਿਚ ਸਕਿਨ ਦਾ ਖ਼ੁਸ਼ਕ ਹੋ ਜਾਣਾ ਆਮ ਵੇਖਣ ਵਿਚ ਆਉਂਦਾ ਹੈ | ਇਸ ਦੇ ਨਾਲ ਹੀ ਕੱਪੜਿਆਂ ਨਾਲ ਐਲਰਜੀ ਦੇ ਮਰੀਜ਼ ਵੀ ਵਧ ਜਾਂਦੇ ਹਨ | ਸਕਿਨ ਰੁੱਖੀ ਜਾਂ ਖ਼ੁਸ਼ਕ ਹੈ ਤਾਂ ਨਾਰੀਅਲ ਦਾ ਤੇਲ ਸਭ ਤੋਂ ਫ਼ਾਇਦੇਮੰਦ ਸਾਬਤ ਹੁੰਦਾ ਹੈ | ਇਸ ਦੇ ਨਾਲ ਹੀ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਉਸ ਦੀ ਜਾਂਚ ਕਰਵਾ ਕੇ ਇਲਾਜ ਤੇ ਪਰਹੇਜ਼ ਕੀਤਾ ਜਾ ਸਕਦਾ ਹੈ | ਹਰ ਸਕਿਨ ਲਈ ਇਕੋ ਤਰਾਂ ਦੇ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ | ਜਿਵੇਂ ਡੇਟੋਲ ਜਾਂ ਨੀਮ ਸਾਬਣ ਐਂਟੀਸੈਪਟਿਕ ਹੁੰਦੇ ਹਨ ਜੋ ਕਿ ਖ਼ੁਸ਼ਕ ਸਕਿਨ ਨੂੰ ਹੋਰ ਖ਼ੁਸ਼ਕ ਬਣਾ ਸਕਦੇ ਹਨ | ਡਾ. ਸੌਰਭ ਨਾਰੰਗ ਨੇ ਦੱਸਿਆ ਕਿ ਹਸਪਤਾਲ ਵਿਚ ਸਰਜਰੀ ਦੀ ਸੁਵਿਧਾ ਉਪਲਬਧ ਹੈ ਤੇ ਜੇਕਰ ਲੋੜ ਹੋਵੇ ਤਾਂ ਹਫ਼ਤੇ ਵਿਚ ਸੋਮਵਾਰ ਅਤੇ ਵੀਰਵਾਰ ਨੂੰ ਛੱਡ ਕੇ ਕਿਸੇ ਵੀ ਦਿਨ ਚਮੜੀ ਦੀ ਸਮੱਸਿਆ ਨਾਲ ਸੰਬੰਧਿਤ ਮਰੀਜ਼ਾਂ ਦੀ ਸਰਜਰੀ ਕੀਤੀ ਜਾਂਦੀ ਹੈ | ਡਾ. ਨਾਰੰਗ ਨੇ ਕਿਹਾ ਕਿ ਆਪਣੀ ਸਕਿਨ ਦੀ ਕੇਅਰ ਲਈ ਦਿਨ ਵਿਚ ਕੁੱਝ ਸਮਾਂ ਜ਼ਰੂਰ ਦਿਓ, ਕਿਸੇ ਵੀ ਤਰਾਂ ਦੀ ਲਾਗ ਜਾਂ ਇਨਫੈਕਸ਼ਨ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ | ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰੇਸ਼ ਕੰਬੋਜ ਡੀ ਦੇਖਰੇਖ ਵਿਚ ਸਰਕਾਰੀ ਹਸਪਤਾਲ ਵਿਚ ਸਕਿਨ ਜਾਂ ਚਮੜੀ ਰੋਗਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਇਲਾਜ ਮੌਜੂਦ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਕਿਨ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਲਈ ਸਿਵਲ ਹਸਪਤਾਲ ਅਬੋਹਰ ਵਿਖੇ ਸੰਪਰਕ ਕਰ ਸਕਦੇ ਹਨ |