ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸੜਕਾਂ ਨੂੰ ਚਾਰ ਮਾਰਗੀ ਕਰਨ ਨੂੰ ਲੈ ਕੇ ਸੈਂਕੜੇ ਰੁੱਖਾਂ ਦੀ ਕਟਾਈ ਦਾ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਅੰਦਰ ਭਾਰੀ ਚਿੰਤਾ ਪਾਈ ਜਾ ਰਹੀ ਹੈ | ਵਾਤਾਵਰਨ ਪ੍ਰੇਮੀ ਵਿਕਰਮ ਅਹੂਜਾ, ਸੁਬੋਧ ਵਰਮਾ ਅਤੇ ਨਵਦੀਪ ਅਸੀਜਾ ਨੇ ਅੱਜ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਚਿੰਤਾ ਨੂੰ ਜ਼ਿਲ੍ਹਾ ਪ੍ਰਸ਼ਾਸਨ 'ਤੇ ਸਰਕਾਰ ਅੱਗੇ ਲਿਖਤੀ ਰੂਪ ਵਿਚ ਰੱਖਿਆ | ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿਚ ਫ਼ਾਜ਼ਿਲਕਾ 'ਤੇ ਅਬੋਹਰ ਮਾਰਗ 'ਤੇ ਸੈਂਕੜੇ ਏਕੜ ਏਰੀਏ ਵਿਚ 14 ਹਜ਼ਾਰ ਦੇ ਕਰੀਬ ਰੁੱਖ ਕੱਟੇ ਗਏ ਹਨ | ਜੇਕਰ ਇਸ ਪ੍ਰੋਜੈਕਟ ਨੂੰ ਫ਼ਿਰੋਜ਼ਪੁਰ ਤੱਕ ਵਧਾਇਆ ਗਿਆ ਤਾਂ ਇਸ ਦੀ ਗਿਣਤੀ 5 ਤੋਂ 6 ਗੁਣਾ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਰੁੱਖ ਕਿਸੇ ਵੀ ਇਲਾਕੇ 'ਚ ਹੋਣ ਉੱਥੇ ਵਾਤਾਵਰਨ ਤੋਂ ਇਲਾਵਾ ਲੋਕਾਂ ਦੀ ਆਮ ਸਿਹਤ 'ਤੇ ਚੰਗਾ ਅਸਰ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਰੁੱਖਾਂ ਦੀ ਗਿਣਤੀ ਘਟਣ ਦਾ ਮਤਲਬ ਵਾਤਾਵਰਨ ਨੂੰ ਦੂਸ਼ਿਤ ਕਰਨਾ ਹੈ | ਜਦ ਕਿ ਆਮ ਲੋਕ ਭਿਆਨਕ ਬਿਮਾਰੀਆਂ ਨਾਲ ਪੀੜਤ ਹੋ ਚੁੱਕੇ ਹਨ | ਇਸ ਮੌਕੇ ਇਹ ਗੱਲ ਸਾਹਮਣੇ ਆਈ ਕਿ ਰੁੱਖਾਂ ਦੀ ਕਟਾਈ ਦੇ ਬਦਲੇ ਨਵੇਂ ਰੁੱਖ ਲਗਾਉਣ ਨੂੰ ਲੈ ਕੇ ਹੁਣ ਤੱਕ ਕੋਈ ਵੀ ਸਪਸ਼ਟ ਨੀਤੀ ਸਾਹਮਣੇ ਨਹੀਂ ਆਈ | ਰੁੱਖਾਂ ਦੀ ਕਮੀ ਨਾਲ ਤਾਪਮਾਨ ਵਿਚ ਵਾਧਾ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ 'ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੱਢੇ ਜਾ ਰਹੇ ਰੁੱਖਾਂ ਦੇ ਬਦਲੇ ਨਵੇਂ ਰੁੱਖ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਹੀ ਲਗਾਏ ਜਾਣ | ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਇਹ ਨਵੇਂ ਰੁੱਖ ਅੰਮਿ੍ਤਸਰ 'ਤੇ ਪਠਾਨਕੋਟ ਇਲਾਕਿਆਂ ਵਿਚ ਲਗਾਏ ਜਾਣਗੇ | ਜਿਸ ਦਾ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨਾਲ ਵਾਤਾਵਰਨ ਪੱਖੋਂ ਘੋਰ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਇਲਾਕਾ ਰੁੱਖਾਂ ਤੋਂ ਸੱਖਣਾ ਹੈ | ਪਰ ਫਿਰ ਵੀ ਰੁੱਖ ਦੂਸਰੇ ਜ਼ਿਲਿ੍ਹਆਂ ਵਿਚ ਲਗਾਉਣ ਦਾ ਮਤਲਬ ਲੋਕਾਂ ਨੂੰ ਧੋਖਾ ਦੇਣਾ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਨੇ 8 ਕਰੋੜ ਦੇ ਕਰੀਬ ਰਾਸ਼ੀ ਰੁੱਖਾਂ ਦੀ ਕਟਾਈ ਦੀ ਰਾਸ਼ੀ ਪੰਜਾਬ ਸਰਕਾਰ ਨੂੰ ਜਮ੍ਹਾ ਕਰਵਾਈ ਹੈ | ਉਨ੍ਹਾਂ ਇਸ ਸਬੰਧੀ ਏ.ਡੀ.ਸੀ.ਡਾ.ਮਨਦੀਪ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ |