ਅੰਮਿ੍ਤਸਰ, 31 ਮਈ (ਹਰਮਿੰਦਰ ਸਿੰਘ)-ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਪ੍ਰਾਪਰਟੀ ਟੈਕਸ ਵਿਭਾਗ ਤੇ ਜੀ. ਆਈ. ਐੱਸ. ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਸ਼ਹਿਰ ਦੀਆਂ ਰਿਹਾਇਸ਼ੀ, ਕਮਰਸ਼ੀਅਲ ਅਤੇ ਉਦਯੋਗਿਕ ਜਾਇਦਾਦਾਂ ਨੂੰ ਯੂ.ਆਈ.ਡੀ. ਨੰਬਰ ਨਾਲ ਲਿੰਕ ਕਰਕੇ ਇੱਕ 'ਡਾਟਾਬੇਸ' ਤਿਆਰ ਕਰਨ ਲਈ ਵਿਚਾਰ ਕੀਤਾ ਗਿਆ | ਇਸ ਮੀਟਿੰਗ ਦੌਰਾਨ ਪੀ. ਐੱਮ. ਆਈ. ਡੀ. ਸੀ. ਦੇ ਆਈ.ਟੀ. ਸੈੱਲ ਦੇ ਇੰਚਾਰਜ ਸਿਮਰਜੀਤ ਕੌਰ ਅਤੇ ਜੀ.ਆਈ.ਐੱਸ. ਦੇ ਇੰਚਾਰਜ ਅਨੁਪ ਕੌਰ ਵਲੋਂ ਵੀਡੀਓ ਕਾਨਫੰਰਸ ਰਾਹੀਂ ਜਾਇਦਾਦਾਂ ਨੂੰ ਯੂ.ਆਈ. ਡੀ. ਨੰਬਰ ਨਾਲ ਲਿੰਕ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੀਟਿੰਗ 'ਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਦਲਜੀਤ ਸਿੰਘ, ਸੁਪਰਡੰਟ ਜਸਵਿੰਦਰ ਸਿੰਘ, ਦਵਿੰਦਰ ਸਿੰਘ ਬੱਬਰ, ਰਾਜ ਕੁਮਾਰ ਗੁਰਪ੍ਰੀਤ ਸਿੰਘ ਭਾਟੀਆ, ਅਰਬਨ ਪਲਾਨਰ ਮਨੀ ਸ਼ਰਮਾ ਅਤੇ ਸੀ.ਐੱਫ. ਸੀ. ਇੰਚਾਰਜ ਹਾਕਮ ਸਿੰਘ ਹਾਜ਼ਰ ਸਨ | ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਮੌਜੂਦਾ ਸਮੇਂ 'ਚ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਜਾਇਦਾਦਾਂ ਤੋਂ ਜੋ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ਼ ਚਾਰਜਿਸ ਅਤੇ ਟਰੇਡ ਲਾਇਸੈਂਸ ਫ਼ੀਸ ਵਸੂਲੀ ਜਾਂਦੀ ਹੈ ਡਿਫਾਲਟਰਾਂ ਦਾ ਪਤਾ ਨਹੀਂ ਲਗਦਾ ਹੈ | ਇਹ ਯੂ.ਆਈ.ਡੀ. ਨੰਬਰ ਪਾਣੀ ਅਤੇ ਸੀਵਰੇਜ਼ ਅਤੇ ਟਰੇਡ ਲਾਇਸੈਂਸ ਵਿਭਾਗ ਵਲੋਂ ਵੀ ਜੋੜਿਆ ਜਾਵੇਗਾ, ਜਿਥੇ ਜਾਇਦਾਦਾਂ ਦਾ ਡਾਟਾ ਤਿਆਰ ਹੋਵੇਗਾ ਉਥੇ ਨਗਰ ਨਿਗਮ ਦੀ ਆਮਦਨ 'ਚ ਵੀ ਵਾਧਾ ਹੋਵੇਗਾ | ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਾਪਰਟੀ ਟੈਕਸ, ਪਾਣੀ, ਸੀਵਰੇਜ਼ ਅਤੇ ਟਰੈਡ ਲਾਇਸੈਂਸ ਦੀ ਫੀਸ ਦੀ ਅਦਾਇਗੀ ਕਰਨ ਤੋਂ ਪਹਿਲਾਂ ਆਪਣੀ ਜਾਇਦਾਦ ਨੂੰ ਯੂ.ਆਈ.ਡੀ. ਨੰਬਰ ਨਾਲ ਲਿੰਕ ਕਰਵਾ ਲਿਆ ਜਾਵੇ |