ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ)-ਭਾਰਤ-ਪਾਕਿ ਜੰਗ ਦਰਮਿਆਨ ਉਪਜੇ ਮਾਹੌਲ ਉਪਰੰਤ ਅੰਮ੍ਰਿਤਸਰ 'ਚ ਅੱਜ ਮੁੜ ਸ਼ਾਮ 8 ਵਜੇ ਬਲੈਕ ਆਊਟ ਹੋ ਗਿਆ ਜਿਸ ਕਾਰਨ ਸੜਕਾਂ ਤੇ ਘਰਾਂ ਨੂੰ ਜਾਣ ਵਾਲੇ ਲੋਕਾਂ ਦੇ ਜਾਮ ਲੱਗ ਜਾਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਦੂਜੇ ਪਾਸੇ ਸ਼ਹਿਰ ਦੇ ਕਾਫੀ ਖੇਤਰਾਂ 'ਚ ਬਲੈਕ ਆਊਟ ਦੀ ਪਾਲਣਾ ਨਹੀਂ ਹੋਈ ਜਿਸ 'ਚ ਕਈ ਦੁਕਾਨਾਂ, ਅਦਾਰੇ ਤੇ ਹੋਟਲ ਆਦਿ ਸ਼ਾਮਿਲ ਹਨ ਜਿਨ੍ਹਾਂ ਦਾ ਪ੍ਰਸਾਸ਼ਨ ਵਲੋਂ ਗੰਭੀਰਤਾ ਨਾਲ ਸਖਤ ਐਕਸ਼ਨ ਲੈਂਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਲੈਕ ਆਊਟ ਦੌਰਾਨ ਲਾਈਟਾਂ ਬੰਦ ਰੱਖਣ ਦਾ ਅਭਿਆਸ ਕੀਤਾ ਗਿਆ ਸੀ ਜਿਸ ਵਿਚ ਬਿਜਲੀ ਵਿਭਾਗ ਦੇ ਨਾਲ ਨਾਲ ਲੋਕਾਂ ਨੇ ਵੀ ਸਹਿਯੋਗ ਦਿੱਤਾ । ਇਸ ਦੌਰਾਨ ਹਸਪਤਾਲਾਂ ਅਤੇ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀ ਬਿਜਲੀ ਸਪਲਾਈ ਬੰਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ਾਮ ਇਸ ਤੋਂ ਪਹਿਲਾਂ ਵੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ ਦੀ ਅਗਵਾਈ ਹੇਠ ਰਣਜੀਤ ਐਵੀਨਿਊ ਇਲਾਕੇ ਵਿਚ ਮੌਕ ਡਰਿਲ ਕੀਤੀ ਗਈ, ਜਿਸ ਵਿਚ ਲੋਕਾਂ ਨੂੰ ਹਵਾਈ ਹਮਲੇ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਅਤੇ ਬਚਾਅ ਦੇ ਲਈ ਕਰਮਚਾਰੀਆਂ ਵਲੋਂ ਟਰਾਇਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਹਾਲਾਤਾਂ ਵਿਚ ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਆਟੋ-ਆਨ ਸੋਲਰ/ਸੀ ਸੀ ਟੀ ਵੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ, ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਟਾਰਗੇਟ ਬਣਨ ਤੋਂ ਬਚਣ ਲਈ ਕਰੈਸ਼ ਬਲੈਕਆਉਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਵੀ ਦੁਕਾਨਾਂ, ਹੋਟਲਾਂ ਅਤੇ ਹੋਰ ਅਦਾਰਿਆਂ ਨੇ ਬਲੈਕ ਆਊਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਖਿਲਾਫ ਨੋਟਿਸ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਦਿਹਾਤੀ ਖੇਤਰਾਂ ਤੋਂ ਮਿਲੀਆਂ ਸੂਚਨਾਂਵਾਂ ਅਨੁਸਾਰ 8 ਵਜੇ ਉਪਰੰਤ ਸਾਰੇ ਹੀ ਦਿਹਾਤੀ ਖੇਤਰਾਂ 'ਚ ਵੀ ਲਗਭਗ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਅੰਦਰੂਨ ਸ਼ਹਿਰ ਹਾਲ ਬਜ਼ਾਰ ਦੀ ਬੱਤੀ ਵੀ ਬੰਦ ਕਰ ਦਿੱਤੀ ਗਈ। ਇਸ ਬਲੈਕ ਆਊਟ ਦੌਰਾਨ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਵੀ ਹੈ ਜਿਸ ਬਾਰੇ ਸ੍ਰੀਮਤੀ ਸਾਹਨੀ ਨੇ ਕਿਹਾ ਕਿ ਲੋਕਾਂ ਨੂੂੰ ਡਰਨ ਦੀ ਲੋੜ ਨਹੀਂ ਹੈ ਤੇ ਇਹ ਕੇਵਲ ਅਭਿਆਸ ਹੈ। ਇਹ ਬਲੈਕ ਆਊਟ ਰਾਤ ਸਾਢੇ 8 ਵਜੇ ਸਾਈਰਨ ਵਜਣ ਉਪਰੰਤ ਮੁੜ ਬੱਤੀਆਂ ਜਗ ਗਈਆਂ । ਡੀ.ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਬਲੈਕ ਆਊਟ ਦੌਰਾਨ ਦਿੱਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ।