ਵੇਰਕਾ, 31 ਮਈ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੀ ਵਾਰਡ ਨੰ: 18 ਅਧੀਨ ਆਉਂਦੇ ਇਲਾਕੇ ਵੇਰਕਾ ਦੀ ਇੰਦਰਾ ਕਲੋਨੀ ਨੇੜਿਓਾ ਲੰਘਦੇ ਬਰਸਾਤੀ ਨਾਲੇ ਦੀ ਪਿਛਲੇ ਲੰਮੇ ਸਮੇਂ ਸਫਾਈ ਨਾ ਹੋਣ ਕਾਰਣ ਬਿਮਾਰੀਆਂ ਨੂੰ ਸੱਦਾ ਦੇ ਫ਼ੈਲੀ ਗੰਦਗੀ ਅਤੇ ਪੈਦਾ ਹੋਏ ਜੰਗਲੀ ਘਾਹ ਬੂਟੀ ਤੋਂ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਹਨ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇੰਦਰਾ ਕਲੋਨੀ ਇਕ ਸੰਘਣੀ ਅਬਾਦੀ ਵਾਲਾ ਇਲਾਕਾ ਤੇ ਆਵਾਜਾਈ ਵੀ ਬੇਹੱਦ ਜ਼ਿਆਦਾ ਹੈ ਅਤੇ ਇਹ ਬਰਸਾਤੀ ਨਾਲਾ ਇਸ ਅਬਾਦੀ ਦੇ ਵਿਚੋਂ ਦੀ ਲੰਘਦਾ ਹੈ ਜਿਸ ਕਾਰਣ ਇੱਥੇ ਛੋਟੇ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਤੇ ਜਿਸਦੀ ਸਫਾਈ ਨਾ ਹੋਣ ਕਰਕੇ ਫੈਲੀ ਗੰਦਗੀ ਅਤੇ ਪੈਦਾ ਹੋਏ ਜੰਗਲੀ ਘਾਹ ਬੂਟੀ ਕਾਰਣ ਇਹ ਬਰਸਾਤੀ ਨਾਲਾ ਜ਼ਹਿਰੀਲੇ ਸੱਦਾ ਤੇ ਹੋਰ ਜੀਵ ਜੰਤੂਆਂ ਦਾ ਰੈਣ ਬਸੇਰਾ ਬਣਿਆ ਹੋਣ ਕਾਰਣ ਫੈਲੀ ਗੰਦਗੀ ਨਾਲ ਲੋਕਾਂ ਵਿਚ ਹਮੇਸ਼ਾਂ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ | ਨਗਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਨੂੰ ਅਪੀਲ ਕਰਦਿਆਂ ਕਿਹਾ ਆਉਣ ਵਾਲੇ ਬਰਸਾਤੀ ਮੌਸਮ ਕਾਰਣ ਇਹ ਨਾਲਾ ਇਲਾਕੇ ਦੇ ਲੋਕਾਂ ਲਈ ਕੋਈ ਵੱਡੀ ਸਮੱਸਿਆ ਨਾ ਬਣ ਜਾਵੇ ਇਸ ਲਈ ਇਸ ਬਰਸਾਤੀ ਨਾਲੇ ਨੂੰ ਪਹਿਲ ਤੇ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ | ਇਸ ਮਾਮਲੇ ਵਿਚ ਇਲਾਕਾ ਕਾਂਗਰਸ ਪੱਖੀ ਕੌਂਸਲਰ ਨਵਦੀਪ ਸਿੰਘ ਹੁੰਦਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਇਸ ਬਰਸਾਤੀ ਨਾਲੇ ਦੀ ਸਫਾਈ ਕਰਵਾਈ ਜਾਂਦੀ ਰਹੀ ਹੈ ਅਤੇ ਪਿਛਲੇ ਲੰਘੇ ਸਾਲ ਤੇ ਇਸ ਵਾਰ ਵੀ ਇਲਾਕਾ ਨਿਵਾਸੀਆਂ ਦੀ ਮੰਗ ਤੇ ਨਗਰ ਨਿਗਮ ਕਮਿਸ਼ਨਰ ਦਫਤਰ ਵਿਖੇ ਦਰਖਾਸਤ ਦਿੱਤੀ ਗਈ ਹੈ | ਪਰ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਨਗਰ ਵਾਸੀਆਂ ਸਮੇਤ ਕੌਂਸਲਰ ਹੁੰਦਲ ਨੇ ਮੁੜ ਅਪੀਲ ਕੀਤੀ ਕਿ ਇਸ ਬਰਸਾਤੀ ਨਾਲੇ ਦੀ ਪਹਿਲ ਦੇ ਅਧਾਰ 'ਤੇ ਸਫਾਈ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਵਿਚ ਗੰਦਗੀ ਕਾਰਣ ਪੈਦਾ ਹੋ ਰਿਹਾ ਡਰ ਤੇ ਸਹਿਮ ਤੋਂ ਛੁਟਕਾਰਾ ਮਿਲ ਸਕੇ |