ਚੱਬਾ, 31 ਮਈ (ਜੱਸਾ ਅਨਜਾਣ)-ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੋਜਾਂ ਨਾਲ ਲੋਹਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਸਲਾਨਾ ਜੋੜ ਮੇਲਾ ਪੰਥ ਅਕਾਲੀ ਸ਼੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਵਲੋਂ 2 ਜੂਨ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਸੰਤੋਖ ਸਿੰਘ ਪਿੰਡ ਵਰਪਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਜੋੜ ਮੇਲੇ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜੋੜ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜੋੜ ਮੇਲਾ ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਸਮੁੱਚੀ ਸਾਧਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਅੱਜ ਸ਼੍ਰੀ ਅਖੰਡ ਪਾਠ ਸਾਹਿਬਾਨਾਂ ਦੀ ਆਰੰਭਤਾ ਕਰਵਾਈ ਗਈ ਹੈ | ਜਿਨ੍ਹਾਂ ਦੇ ਭੋਗ 2 ਜੂਨ ਨੂੰ ਪੈਣ ਉਪਰੰਤ ਵਿਸ਼ਾਲ ਦੀਵਾਨ ਸੱਜਣਗੇ | ਜਿਸ ਵਿਚ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਕਵੀਸ਼ਰ, ਰਾਗੀ, ਕਥਾਵਾਚਕ ਅਤੇ ਕਵੀਸ਼ਰ ਜਨ ਹਾਜ਼ਰੀਆਂ ਭਰਨਗੇ | ਸ਼ਾਮ ਦੇ ਟਾਇਮ ਦਲ ਪੰਥ ਦੀਆਂ ਨਿਹੰਗ ਸਿੰਘ ਫੌਜਾਂ ਵਲੋਂ ਘੋੜ ਸਵਾਰੀ, ਨੇਜੇਬਾਜ਼ੀ ਅਤੇ ਗਤਕੇ ਦੇ ਕਰਤਵ ਦਿਖਾਏ ਜਾਣਗੇ | ਇਸ ਮੌਕੇ ਪਿੰਡ ਦੇ ਮੋਹਤਬਰ, ਸਰਪੰਚ, ਪੰਚ ਅਤੇ ਸਾਬਕਾ ਸਰਪੰਚ ਹਾਜ਼ਰ ਸਨ |