ਨਵਾਂ ਪਿੰਡ, 1 ਜੂਨ (ਜਸਪਾਲ ਸਿੰਘ)-6 ਜੂਨ, 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਸਮੂਹ ਵਿਖੇ ਭਾਰਤੀ ਫ਼ੌਜ ਵਲੋਂ ਕੀਤੇ ਗਏ ਹਮਲੇ ਜਿਸ 'ਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਆਮ ਸ਼ਰਧਾਲੂ ਮਾਰੇ ਗਏ ਸਨ, ਜਿਸ ਨੂੰ ਕਿ ਸਿੱਖ ਕੌਮ ਵਲੋਂ ਤੀਜੇ ਘੱਲੂਘਾਰੇ ਵਜੋਂ ਮਨਾਇਆ ਜਾਂਦਾ ਹੈ | ਇਸੇ ਲੜੀ ਤਹਿਤ ਦਮਦਮੀ ਟਕਸਾਲ ਮਹਿਤਾ ਵਿਖੇ ਟਕਸਾਲ ਦੇ 16ਵੇਂ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਅੱਜ ਤੋਂ 6 ਜੂਨ ਤੱਕ ਹੋਣ ਵਾਲੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਨਾਲ ਅਹਿਮ ਮੀਟਿੰਗ ਦਲ ਦੇ ਹੈੱਡ ਕਵਾਟਰ ਵਿਖੇ ਕੀਤੀ ਗਈ | ਇਸ ਮੌਕੇ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਤੋਂ 5 ਤੱਕ ਰੋਜ਼ਾਨਾ ਸ਼ਾਮ ਨੂੰ ਤੇ 6 ਜੂਨ ਨੂੰ ਸਵੇਰੇ ਗੁਰਦੁਆਰਾ ਸਮੂਹ ਵਿਖੇ ਵਿਸ਼ਾਲ ਦੀਵਾਨ ਹਾਲ 'ਚ ਸ਼ਹੀਦੀ ਸਮਾਗਮ ਹੋਵੇਗਾ | ਇਸ ਮੌਕੇ ਉਨ੍ਹਾਂ ਵਲੋਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਦੱਸਿਆ ਕਿ ਦਲ ਵਲੋਂ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਮੋੜ ਮੀਰਾਂ, ਚੱਕ ਮਹਿਤਾ ਰੋਡ ਵਿਖੇ ਸ਼ਹੀਦੀ ਸਮਾਗਮ ਮਹਿਤਾ ਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਵਿਖੇ ਜਾਣ ਵਾਲੀਆਂ ਸੰਗਤਾਂ ਦੇ ਲਈ ਸਮੂਹ ਸੰਗਤਾਂ ਤੇ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਦਲ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਦੇ ਅਟੁੱਟ ਲੰਗਰ ਲਾਏ ਜਾਣਗੇ | ਇਸ ਮੌਕੇ ਭਾਈ ਹਰਵਿੰਦਰ ਸਿੰਘ ਫੌਜੀ ਪ੍ਰਧਾਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਤੇ ਟਕਸਾਲ ਤੇ ਦਲ ਦੇ ਸਿੰਘ ਹਾਜ਼ਰ ਸਨ |