ਅੰਮਿ੍ਤਸਰ, 2 ਜੂਨ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਿਵੀਜ਼ਨ ਨੂੰ ਮਈ ਮਹੀਨੇ ਟਿਕਟ ਚੈਕਿੰਗ ਰਾਹੀਂ 3.04 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਕਿ 42,322 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ 'ਤੇ ਜੁਰਮਾਨੇ ਵਜੋਂ ਵਸੂਲਿਆ ਗਿਆ | ਡੀ. ਆਰ. ਐੱਮ. ਸੰਜੇ ਸਾਹੂ ਨੇ ਦੱਸਿਆ ਕਿ ਮੁੱਖ ਦਫ਼ਤਰ ਵਲੋਂ ਮਈ ਮਹੀਨੇ ਟਿਕਟ ਚੈਕਿੰਗ ਰਾਹੀਂ 2.79 ਕਰੋੜ ਰੁਪਏ ਦਾ ਮਾਲੀਆ ਕਮਾਉਣ ਦਾ ਟੀਚਾ ਦਿੱਤਾ ਗਿਆ ਸੀ, ਪਰ ਸਾਡੇ ਚੈਕਿੰਗ ਸਟਾਫ਼ ਦੇ ਸਾਮੂਹਿਕ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਟੀਚੇ ਤੋਂ 9 ਫ਼ੀਸਦੀ ਵੱਧ ਮਾਲੀਆ ਪ੍ਰਾਪਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਰੇਲਵੇ ਟਿਕਟਾਂ ਦੀ ਵਿਕਰੀ ਵਿਚ ਸੁਧਾਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਦੇ ਯਾਤਰਾ ਨਾ ਕਰੇ, ਭਾਵ ਫਿਰੋਜ਼ਪੁਰ ਡਿਵੀਜ਼ਨ ਵਿਚ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਰੱਖਿਆ ਗਿਆ ਹੈ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ਨਾਲ ਯਾਤਰਾ ਕਰਨਾ ਇਕ ਸਜ਼ਾਯੋਗ ਅਪਰਾਧ ਹੈ | ਇਸ ਲਈ, ਉਨ੍ਹਾਂ ਨੇ ਸਾਰੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਵੈਧ ਯਾਤਰਾ ਟਿਕਟ ਨਾਲ ਯਾਤਰਾ ਕਰਨ ਨੂੰ ਤਰਜੀਹ ਦੇਣ |