ਸੁਲਤਾਨਵਿੰਡ ਅਕਾਸ਼ ਵਿਹਾਰ ਵਿਖੇ ਗੱਡੀ ਪਾਸੇ ਕਰਨ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਨੌਜਵਾਨ ’ਤੇ ਚਾਕੂਆਂ ਨਾਲ ਹਮਲਾ, ਰਾਮੇਸ਼ ਕੁਮਾਰ ਗੰਭੀਰ ਜ਼ਖ਼ਮੀ
ਸੁਲਤਾਨਵਿੰਡ, 14 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੇ ਇਲਾਕੇ ਅਕਾਸ਼ ਵਿਹਾਰ ਵਿਖੇ ਗਲੀ ਵਿਚ ਖੜ੍ਹੀ ਕਾਰ ਨੂੰ ਪਾਸੇ ਕਰਨ ਨੂੰ ਲੈ ਕੇ ਹੋਈ ਤਕਰਾਰ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਕ ਨੌਜਵਾਨ ਵਲੋਂ ਦੂਜੇ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਰਾਮੇਸ਼ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸੁਲਤਾਨਵਿੰਡ, 14 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੇ ਇਲਾਕੇ ਅਕਾਸ਼ ਵਿਹਾਰ ਵਿਖੇ ਗਲੀ ਵਿਚ ਖੜ੍ਹੀ ਕਾਰ ਨੂੰ ਪਾਸੇ ਕਰਨ ਨੂੰ ਲੈ ਕੇ ਹੋਈ ਤਕਰਾਰ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਕ ਨੌਜਵਾਨ ਵਲੋਂ ਦੂਜੇ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਰਾਮੇਸ਼ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਰਾਮੇਸ਼ ਕੁਮਾਰ ਦੇ ਪਿਤਾ ਵੈਦ ਪ੍ਰਕਾਸ਼ ਨੇ ਦੱਸਿਆ ਕਿ ਉਹ ਅਕਾਸ਼ ਵਿਹਾਰ ਵਿਖੇ ਆਪਣਾ ਨਵਾਂ ਮਕਾਨ ਤਿਆਰ ਕਰਵਾ ਰਹੇ ਹਨ । ਇਸੇ ਦੌਰਾਨ ਜਦੋਂ ਰੇਤਾ ਅਤੇ ਸੀਮੈਂਟ ਲੈ ਕੇ ਟਰੈਕਟਰ-ਟਰਾਲੀ ਗਲੀ ਵਿਚ ਪਹੁੰਚੀ ਤਾਂ ਰਸਤੇ ਵਿਚ ਇਕ ਕਾਰ ਖੜ੍ਹੀ ਹੋਣ ਕਾਰਨ ਆਵਾਜਾਈ ਵਿਚ ਰੁਕਾਵਟ ਆ ਰਹੀ ਸੀ। ਉਨ੍ਹਾਂ ਵਲੋਂ ਕਾਰ ਨੂੰ ਪਾਸੇ ਕਰਨ ਲਈ ਕਹਿਣ ’ਤੇ ਕਾਰ ਮਾਲਕ, ਜੋ ਉਨ੍ਹਾਂ ਦਾ ਗੁਆਂਢੀ ਵੀ ਹੈ, ਗੁੱਸੇ ਵਿਚ ਆ ਗਿਆ ਅਤੇ ਗੱਲ ਤਕਰਾਰ ਤੱਕ ਪਹੁੰਚ ਗਈ। ਵੈਦ ਪ੍ਰਕਾਸ਼ ਦੇ ਦੋਸ਼ਾਂ ਅਨੁਸਾਰ ਇਸ ਦੌਰਾਨ ਉਕਤ ਨੌਜਵਾਨ ਨੇ ਉਨ੍ਹਾਂ ਦੇ ਬੇਟੇ ਰਾਮੇਸ਼ ਕੁਮਾਰ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਦੀ ਮਦਦ ਨਾਲ ਜ਼ਖ਼ਮੀ ਰਾਮੇਸ਼ ਕੁਮਾਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਵੈਦ ਪ੍ਰਕਾਸ਼ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਧਰ, ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਅਰਜਨ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।