ਅਜਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿਚ ਫਸਲਾਂ, ਘਰ, ਪਸ਼ੂ, ਕਾਰੋਬਾਰ ਤਬਾਹ ਹੋ ਗਏ ਹਨ | ਇਸ ਮੌਕੇ ਪੰਜਾਬ ਸਰਕਾਰ ਦੇ ਨਾਲ-ਨਾਲ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਵੱਡੇ ਪੱਧਰ 'ਤੇ ਕੰਮ ਕਰ ਰਹੇ ਹਨ | ਅੱਜ ਸੰਸਦ ਮੈਂਬਰ ਮੀਤ ਹੇਅਰ ਅਜਨਾਲਾ ਹਲਕੇ 'ਚ ਰਾਹਤ ਕੰਮਾਂ ਵਿਚ ਰੁੱਝੇ ਸਾਬਕਾ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਸਾਥ ਦੇਣ ਲਈ ਉਚੇਚੇ ਤੌਰ 'ਤੇ ਅਜਨਾਲਾ ਪੁੱਜੇ | ਉਨ੍ਹਾਂ ਨੇ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਆਪ ਹੜ੍ਹ ਪੀੜਤ ਇਲਾਕੇ ਵਿਚ ਟਰੈਕਟਰ 'ਤੇ ਜਾ ਕੇ ਲੋਕਾਂ ਨੂੰ ਪਸ਼ੂ ਚਾਰੇ ਲਈ ਫੀਡ ਦੀਆਂ ਬੋਰੀਆਂ ਵੰਡੀਆਂ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵਲੋਂ ਵੀ ਆਪਣੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਰਾਹਤ ਲਈ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਵੇਲਾ ਸੰਕਟ ਵਿਚੋਂ ਲੋਕਾਂ ਨੂੰ ਕੱਢਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਅੱਜ ਮੈਂ ਵੀ ਇੱਥੇ ਆਪਣਾ ਫਰਜ਼ ਸਮਝਦੇ ਹੋਏ ਪਹੁੰਚਿਆ ਹਾਂ ਤਾਂ ਜੋ ਆਪਣੇ ਲੋਕਾਂ ਦੀ ਸਾਰ ਲਈ ਜਾ ਸਕੇ | ਉਨ੍ਹਾਂ ਕਿਹਾ ਕਿ ਅਸੀਂ ਲੋੜਵੰਦ ਲੋਕਾਂ ਨਾਲ ਖੜੇ ਹਾਂ ਤੇ ਜਿੱਥੇ ਵੀ ਜਦੋਂ ਵੀ ਲੋੜ ਹੋਈ ਅਸੀਂ ਉਨ੍ਹਾਂ ਦੀ ਮਦਦ ਲਈ ਹਾਜ਼ਰ ਹੋਵਾਂਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਘਰ ਢਹਿ ਜਾਣ ਉੱਤੇ 1.20 ਲੱਖ ਦਾ ਮੁਆਵਜ਼ਾ ਦਿੰਦੀ ਹੈ ਜੋ ਕਿ ਅੱਜ ਦੀ ਮਹਿੰਗਾਈ ਵਿਚ ਬਿਲਕੁਲ ਨਾਮਾਤਰ ਹੈ | ਉਨ੍ਹਾਂ ਇਸ ਮੌਕੇ ਐਨ.ਆਰ.ਆਈ. ਭਰਾਵਾਂ, ਬਾਲੀਵੁੱਡ ਦੀਆਂ ਹਸਤੀਆਂ, ਸੰਸਥਾਵਾਂ ਅਤੇ ਪੰਜਾਬੀ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉਣ | ਇਸ ਮੌਕੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁੱਖਾਨੰਦ, ਖੁਸ਼ਪਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਢਿੱਲੋਂ ਥਾਂਦੇ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ, ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਗੁਰਨਾਮ ਸਿੰਘ ਕਮੀਰਪੁਰਾ, ਸਰਪੰਚ ਰਘਬੀਰ ਸਿੰਘ ਵੰਜਾਂਵਾਲਾ, ਯੂਥ ਪ੍ਰਧਾਨ ਅਮਰ ਸੰਧੂ, ਗੁਰਨਾਮ ਸਿੰਘ ਕਮੀਰਪੁਰਾ, ਜਰਮਨਜੀਤ ਸਿੰਘ ਤੇੜੀ, ਅੰਗਰੇਜ਼ ਸਿੰਘ ਫੁੱਲੇਚੱਕ, ਤਰਸੇਮ ਸਿੰਘ ਸੰਧੂ, ਬਲਜਿੰਦਰ ਸਿੰਘ ਫ਼ੁੱਲੇਚੱਕ ਆਦਿ ਹਾਜ਼ਰ ਸਨ |
ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਨਾਲ ਖੜ੍ਹਨ ਦਾ ਵੇਲਾ-ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਦੇ ਪਿੰਡ ਵੰਝਾਂਵਾਲਾ ਵਿਚ ਪਸ਼ੂ ਪਾਲਕਾਂ ਨੂੰ ਫੀਡ ਦੀਆਂ ਬੋਰੀਆਂ ਵੰਡਦੇ ਹੋਏ | ਨਾਲ ਵਿਧਾਇਕ ਅੰਮਿ੍ਤਪਾਲ ਸਿੰਘ ਸੁੱਖਾਨੰਦ ਤੇ ਹੋਰ, ਸੰਸਦ ਮੈਂਬਰ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਅੰਮਿ੍ਤਪਾਲ ਸਿੰਘ ਸੁੱਖਾਨੰਦ ਟਰੈਕਟਰ 'ਤੇ ਸਵਾਰ ਹੋ ਕੇ ਹੜ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਂਦੇ ਹੋਏ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ<br/>
02-09-2025