ਛੇਹਰਟਾ, 22 ਸਤੰਬਰ (ਪ.ਪ.)-ਸੀਪੀਆਈ (ਐਮ) ਜ਼ਿਲ੍ਹਾ ਕਮੇਟੀ ਅੰਮਿ੍ਤਸਰ ਸਕੱਤਰੇਤ ਦੀ ਮੀਟਿੰਗ ਕਾਮਰੇਡ ਤਰਸੇਮ ਟਪਿਆਲਾ ਦੀ ਪ੍ਰਧਾਨਗੀ ਹੇਠ ਪੁਤਲੀਘਰ ਸਥਿਤ ਪਾਰਟੀ ਦਫਤਰ ਵਿਖੇ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ 27 ਸਤੰਬਰ ਨੂੰ ਮੈਂਬਰ ਪਾਰਲੀਮੈਂਟ ਤੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਅਮਰਾ ਰਾਮ ਹੜ੍ਹ ਪੀੜਿਤਾਂ ਦੀ ਸਾਰ ਲੈਣ ਲਈ ਅਜਨਾਲਾ ਵਿਖੇ ਪਹੁੰਚਣਗੇ | ਜ਼ਿਲ੍ਹਾ ਸੱਕਤਰ ਕਾਮਰੇਡ ਚਰਨਜੀਤ ਸਿੰਘ ਮਜੀਠਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮਿ੍ਤਸਰ ਇਕਾਈ ਵਲੋਂ ਕਾਮਰੇਡ ਅਮਰਾ ਰਾਮ ਦਾ ਨਿੱਘਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਵਾਇਆ ਜਾਵੇਗਾ | ਇਸ ਤੋਂ ਇਲਾਵਾ 27 ਸਤੰਬਰ ਨੂੰ ਪਾਰਟੀ ਵਲੋਂ ਹੜ ਪੀੜਤਾਂ ਲਈ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੀ ਇਸ ਸਮੇਂ ਉਨ੍ਹਾਂ ਦੇ ਨਾਲ ਹੋਣਗੇ | ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਉਪਰੋਕਤ ਫੈਸਲੇ ਨੂੰ ਲਾਗੂ ਕਰਨ ਦਾ ਮਤਾ ਪੇਸ਼ ਕੀਤਾ | ਜਿਸ ਅਨੁਸਾਰ ਪੋਲਿਟ ਬਿਊਰੋ ਮੈਂਬਰ ਕਾਮਰੇਡ ਅਮਰਾ ਰਾਮ ਅਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੇ ਸਵਾਗਤ ਉਪਰੰਤ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਜਾਵੇਗਾ ਜਿਸ ਉਪਰੰਤ ਅਜਨਾਲਾ ਦੇ ਰੈਸਟ ਹਾਊਸ ਵਿਖੇ ਇੱਕ ਪਬਲਿਕ ਜਲਸਾ ਵੀ ਕੀਤਾ ਜਾਵੇਗਾ | ਇਸ ਉਪਰੰਤ ਕਾਮਰੇਡ ਅਮਰਾ ਰਾਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ | ਇਸ ਮੌਕੇ ਸੂਬਾ ਸਕਤਰੇਤ ਮੈਂਬਰ, ਸੂਬਾ ਕਮੇਟੀ ਮੈਂਬਰ ਤੇ ਸਮੁੱਚੀ ਜ਼ਿਲ੍ਹਾ ਕਮੇਟੀ ਹਾਜ਼ਰ ਰਹੇਗੀ | ਅੱਜ ਦੀ ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰ ਡਾ. ਕਵਲਜੀਤ ਕੌਰ, ਕਾਮਰੇਡ ਜਸਬੀਰ ਸਿੰਘ ਝਬਾਲ, ਗੁਰਦੀਪ ਸਿੰਘ ਬਤਾਲਾ, ਰਘਬੀਰ ਕੌਰ, ਸੁਭਾਸ਼ ਚੰਦਰ, ਗੁਰਨਾਮ ਸਿੰਘ ਤਲਵੰਡੀ, ਕਿਰਪਾ ਰਾਮ, ਨਰਿੰਦਰ ਧੰਜਲ, ਸਵਿੰਦਰ ਸਿੰਘ ਮੀਰਾਂਕੋਟ, ਰਣਜੀਤ ਸਿੰਘ ਬੱਲ, ਨਰਿੰਦਰ ਪਾਲ ਚਮਿਆਰੀ ਆਦਿ ਸਾਥੀ ਹਾਜ਼ਰ ਸਨ |
ਸੀਪੀਆਈ (ਐਮ) ਦੇ ਮੈਂਬਰ ਪਾਰਲੀਮੈਂਟ 27 ਨੂੰ ਕਰਨਗੇ ਅੰਮਿ੍ਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ <br/>
ਅਜੀਤ ਡੈਸਕ
23-09-2025