ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ, ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਪਿੰਡ ਘਾਹੀਮਾਜਰਾ (ਬੱਗੂਵਾਲ) ਵਿਖੇ ਸਥਿਤ ਬਾਬਾ ਕਰੌਲਗੜ੍ਹ ਜੀ ਦੇ ਪਵਿੱਤਰ ਧਾਰਮਿਕ ਅਸਥਾਨ 'ਤੇ ਬਾਬਾ ਕਰੌਲਗੜ੍ਹ ਸੇਵਾ ਕਮੇਟੀ ਵਲੋਂ ਕਰਵਾਇਆ ਗਿਆ 22ਵਾਂ ਸਾਲਾਨਾ ਜੋੜ ਮੇਲਾ ਧੂਮ-ਧਾਮ ਤੇ ਭਰਪੂਰ ਸ਼ਰਧਾ ਨਾਲ ਮਨਾਇਆ ਗਿਆ | ਮੇਲੇ ਦੌਰਾਨ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਨਾਮੀ ਕਲਾਕਾਰਾਂ ਦੇ ਰੰਗਾਰੰਗ ਪ੍ਰੋਗਰਾਮਾਂ ਨੇ ਸਮੂਹ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ | ਮੇਲੇ ਦਾ ਉਦਘਾਟਨ ਬਾਰ ਐਸੋਸੀਏਸ਼ਨ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਦੌਲਤ ਸਿੰਘ ਚਬਰੇਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮੀਰ ਸੱਭਿਆਚਾਰ ਸਾਡੀ ਰੂਹ ਦੀ ਖੁਰਾਕ ਹੈ ਅਤੇ ਕਮੇਟੀ ਵਲੋਂ ਕੀਤੀ ਜਾ ਰਹੀ ਸੇਵਾ ਸਮਾਜ ਲਈ ਇਕ ਪ੍ਰੇਰਣਾ ਹੈ | ਮੇਲੇ 'ਚ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ਪ੍ਰਤੀ ਲੋਕਾਂ ਦੀ ਅਟੱਲ ਸ਼ਰਧਾ ਸਾਡੇ ਧਰਮ ਤੇ ਰਿਵਾਇਤ ਦੀ ਨਿਸ਼ਾਨੀ ਹੈ ਅਤੇ ਕਮੇਟੀ ਵਲੋਂ ਕੀਤੇ ਜਾਣ ਵਾਲੇ ਹਰ ਕਾਰਜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਸਾਬਕਾ ਵਿਧਾਇਕ ਅਮਰਜੀਤ ਸੰਦੋਆ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਨੇ ਵੀ ਹਾਜ਼ਰੀ ਭਰ ਕੇ ਮੇਲੇ ਦੀ ਰੌਣਕ ਵਧਾਈ | ਉਪਰੰਤ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗਾਇਕ ਆਰ ਨੇਤ ਨੇ ਆਪਣੇ ਸੁਰੀਲੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ | ਇਸੇ ਤਰ੍ਹਾਂ ਪ੍ਰਸਿੱਧ ਲੋਕ ਗਾਇਕ ਹਰਜੀਤ ਸਿੱਧੂ, ਪ੍ਰਵੀਨ ਦਰਦੀ, ਦਲਜੀਤ ਟੀਨਾ ਅਤੇ ਗੁਰਪ੍ਰੀਤ ਸੋਨੀ ਦੀ ਦੋਗਾਣਾ ਜੋੜੀ ਨੇ ਆਪਣੇ ਗੀਤਾਂ ਨਾਲ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ | ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਘਾਹੀਮਾਜਰਾ ਨੇ ਆਈਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰਪਾਲ, ਸ਼ਾਮ ਲਾਲ, ਡਾ. ਪਰਮਿੰਦਰ ਸਿੰਘ (ਪੀ. ਜੀ. ਆਈ.), ਸਾਬਕਾ ਏ. ਡੀ. ਸੀ. ਦਵਿੰਦਰ ਸ਼ਰਮਾ, ਰਾਮ ਕਿਸ਼ਨ, ਅਮਨ ਥਾਨਾ, ਐਡਵੋਕੇਟ ਬਨਾਰਸੀ ਦਾਸ, ਐਡਵੋਕੇਟ ਕੁਲਦੀਪ ਚਬਰੇਵਾਲ, ਦੇਸਰਾਜ ਸੈਣੀ, ਹਰਜਿੰਦਰ ਸਿੰਘ ਭਾਉਵਾਲ, ਤਰਸੇਮ ਲਾਲ ਭਵਾਨੀਪੁਰ, ਜਸ਼ਨਦੀਪ ਮਾਨ, ਸੰਜੀਵ ਘਾਹੀਮਾਜਰਾ, ਮਨਪ੍ਰੀਤ ਮਾਨ, ਤਰਲੋਚਨ ਦੁਬਈ, ਹਰਿੰਦਰ ਨਿੰਦੀ ਦੁਬਈ, ਦਿਨੇਸ਼ ਮਾਨ, ਸ਼ੇਰੂ ਝਾਂਗੜੀਆਂ, ਰਾਮ ਚੌਹਾਨ, ਜਗਮੋਹਨ ਚੌਹਾਨ, ਦੇਸਰਾਜ ਸੈਣੀ, ਹਰਬੰਸ ਚੌਹਾਨ, ਹੁਸਨ ਚੰਦ ਕਰਤਾਰਪੁਰ, ਅਵਿਨਾਸ਼ ਸ਼ਰਮਾ, ਐਕਸੀਅਨ ਵਿਨੇਦੀਪ ਤੇ ਤਿਲਕ ਰਾਜ ਪੰਮਾ ਆਦਿ ਸਮੇਤ ਭਾਰੀ ਗਿਣਤੀ ਚ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ | ਇਹ ਜੋੜ ਮੇਲਾ ਨਾ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਬਣਿਆ, ਸਗੋਂ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਹੋ ਕੇ ਲੋਕਾਂ ਨੂੰ ਏਕਤਾ ਅਤੇ ਭਾਈਚਾਰੇ ਦੇ ਸੁਨੇਹੇ ਨਾਲ ਵੀ ਜੋੜ ਗਿਆ |