ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਹੜ੍ਹਾਂ ਦੀ ਪੱਕੀ ਰੋਕਥਾਮ ਕਰਨ ਲਈ ਦਰਿਆਵਾਂ ਦਾ ਨਹਿਰੀਕਰਨ ਕਰਦਿਆਂ ਦਰਿਆਵਾਂ ਦੇ ਕਿਨਾਰਿਆਂ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ ਤਾਂ ਜੋ ਕਦੇ ਵੀ ਪੰਜਾਬ ਦਾ ਹੜ੍ਹਾਂ ਕਾਰਨ ਕੋਈ ਨੁਕਸਾਨ ਨਾ ਹੋਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਏਸਿੱਖ ਭਾਈਚਾਰੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬਾਬਾ ਗੱਮਚੁੱਕ ਵਿਖੇ ਨਤਮਸਤਕ ਹੋਣ ਉਪਰੰਤ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਰਹੱਦੀ ਖੇਤਰ ਦੀਆਂ ਸਾਰੀਆਂ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰ ਦਿੱਤਾ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ ਨੂੰ ਮੁੜ ਤੋੜ ਦਿੱਤਾ ਗਿਆ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਸਾਰੀਆਂ ਕੱਚੀਆਂ ਜ਼ਮੀਨਾਂ ਨੂੰ ਮੁੜ ਪੱਕਾ ਕੀਤਾ ਜਾਵੇਗਾ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਬੈਰਾਜ ਦੇ ਕੰਮਕਾਜ ਦੇ ਮਾੜੇ ਪ੍ਰਬੰਧਨ ਲਈ ਜਵਾਬਦੇਹੀ ਜੂਨੀਅਰ ਪੱਧਰ ਦੇ ਇੰਜੀਨੀਅਰਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਭ ਤੋਂ ਉੱਪਰ ਤੈਅ ਕੀਤੀ ਜਾਵੇ | ਇਸ ਦੌਰਾਨ ਸ. ਬਾਦਲ ਨੇ ਸੰਗਤਾਂ ਦੀ ਮੰਗ ਅਨੁਸਾਰ ਗੁਰਦੁਆਰਾ ਬਾਬਾ ਗੱਮਚੁੱਕ ਲਈ ਆਪਣੀ ਜੇਬ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਅਜਨਾਲਾ 'ਚ ਹੜ੍ਹ ਪੀੜਤਾਂ ਦੀ ਬਾਂਹ ਫੜਨ ਲਈ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਰਾਏਸਿੱਖ ਭਾਈਚਾਰੇ ਦੇ ਮੋਹਰੀ ਆਗੂ ਤੇ ਸਾਬਕਾ ਸਰਪੰਚ ਦਲਬੀਰ ਸਿੰਘ ਚੱਕਡੋਗਰਾਂ ਤੇ ਹੋਰਨਾਂ ਆਗੂਆਂ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਰਾਣਾ ਰਣਬੀਰ ਸਿੰਘ ਲੋਪੋਕੇ, ਗੁਰਪ੍ਰੀਤ ਸਿੰਘ ਵਡਾਲੀ, ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਪ੍ਰਧਾਨ ਸਵਿੰਦਰ ਸਿੰਘ ਸ਼ਿੰਦ ਸਹਿੰਸਰਾ, ਬ੍ਰਹਮ ਸਿੰਘ ਝੰਡੇਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਪ੍ਰੀਤ ਸਿੰਘ ਬਰਲਾਸ, ਗੁਰਲਾਲ ਸਿੰਘ ਵਿਛੋਆ, ਡਾ: ਸ਼ਰਨਜੀਤ ਸਿੰਘ ਲੋਪੋਕੇ, ਇਕਬਾਲ ਸਿੰਘ ਸਿੰਟੂ, ਪਰਗਟ ਸਿੰਘ ਚੱਕਬਾਲਾ, ਗੁਰਮੇਜ ਸਿੰਘ ਬਲੜ੍ਹਵਾਲ, ਹਰਦੀਪ ਸਿੰਘ ਚੱਕਡੋਗਰਾਂ, ਸਰਬਜੀਤ ਸਿੰਘ ਸੁਪਾਰੀਵਿੰਡ, ਅਮਨਦੀਪ ਗਿੱਲ ਸੁਪਾਰੀਵਿੰਡ, ਮਾਸਟਰ ਜਰਨੈਲ ਸਿੰਘ, ਅਮਰ ਸਿੰਘ ਫੱਤੇਵਾਲ, ਸੁਖਵਿੰਦਰ ਸਿੰਘ ਸਾਰੰਗਦੇਵ, ਜਗੀਰ ਸਿੰਘ ਚੱਕਡੋਗਰਾਂ, ਮੁਖਤਾਰ ਸਿੰਘ, ਰਵੇਲ ਸਿੰਘ, ਸਲਵਿੰਦਰ ਸਿੰਘ ਖਾਨਵਾਲ, ਅਮਰੀਕ ਸਿੰਘ, ਕੁਲਵੰਤ ਸਿੰਘ, ਡਾ: ਬੱਲੂ ਆਦਿ ਹਾਜ਼ਰ ਸਨ |