ਅੰਮਿ੍ਤਸਰ, 18 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਸ਼ਹਿਰੀ ਦੇ ਅਧੀਨ ਆਉਂਦੇ ਉੱਤਰੀ ਪੰਚਾਇਤ ਮੰਡਲ ਅਧੀਨ ਪੰਚਾਇਤਾਂ 'ਚ ਚੋਣ ਲੜਨ ਵਾਲੀ ਭਾਜਪਾ ਉਮੀਦਵਾਰ ਅਰਪਿਤਾ ਕੌਰ ਅਤੇ ਉਨ੍ਹਾਂ ਦੇ ਗਿਣਤੀ ਏਜੰਟਾਂ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਦੇ ਚੋਣ ਨਤੀਜੇ ਰੱਦ ਕਰਨ ਅਤੇ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਹੈ | ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਮੌਜੂਦਗੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਉੱਤਰੀ ਪੰਚਾਇਤ ਮੰਡਲ ਦੇ ਮੰਡਲ ਪ੍ਰਧਾਨ ਸੁਖਦੇਵ ਸਿੰਘ ਹਨੇਰੀਅਨ ਨੇ ਕਿਹਾ ਕਿ ਬੀਤੇ ਦਿਨ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੌਰਾਨ ਚੋਣ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਸੱਤਾਧਾਰੀ ਪਾਰਟੀ ਦੇ ਇਸ਼ਾਰੇ 'ਤੇ ਕੰਮ ਕਰਦਿਆਂ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ 'ਚ ਧਾਂਦਲੀ ਕੀਤੀ, ਜਿਸ ਨਾਲ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਜਦੋਂ ਸਵੇਰੇ ਬੈਲਟ ਬਾਕਸ ਖੋਲ੍ਹੇ ਜਾਣੇ ਸਨ, ਤਾਂ ਡਿਊਟੀ 'ਤੇ ਮੌਜੂਦ ਚੋਣ ਅਧਿਕਾਰੀਆਂ ਨੇ ਭਾਜਪਾ ਦੇ ਗਿਣਤੀ ਏਜੰਟਾਂ ਜਾਂ ਭਾਜਪਾ ਉਮੀਦਵਾਰ ਨੂੰ ਬੁਲਾਏ ਬਿਨਾਂ ਗਿਣਤੀ ਪੂਰੀ ਕਰ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਾਵੇ | ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਕਥਿਤ ਤੌਰ 'ਤੇ ਧਾਂਦਲੀ ਕਰ ਚੁੱਕੀ ਹੈ | ਅੰਮਿ੍ਤਸਰ ਸ਼ਹਿਰੀ ਅਧੀਨ ਪੰਚਾਇਤਾਂ 'ਚ ਤਾਇਨਾਤ ਚੋਣ ਅਧਿਕਾਰੀ ਦੇ ਮਾੜੇ ਵਤੀਰੇ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਸ ਮਾਮਲੇ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ | ਉਪਰੋਕਤ ਮਾਮਲੇ ਬਾਰੇ, ਜ਼ਿਲ੍ਹਾ ਚੋਣ ਅਧਿਕਾਰੀ ਨੇ 4 ਦਸੰਬਰ, 2025 ਨੂੰ ਜਵਾਬ ਦਿੱਤਾ, ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ ਸੀ: ਭਾਜਪਾ ਆਗੂ ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਹਰਜਿੰਦਰ ਸਿੰਘ ਠੇਕੇਦਾਰ, ਕੁਮਾਰ ਅਮਿਤ, ਐਡਵੋਕੇਟ ਲਵਲੀ ਸ਼ਰਮਾ ਆਦਿ ਮੌਜੂਦ ਸਨ |