ਅੰਮਿ੍ਤਸਰ, 19 ਦਸੰਬਰ (ਰੇਸ਼ਮ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਨਿਊ ਅੰਮਿ੍ਤਸਰ ਵਿਚ ਟਰੱਸਟ ਦੀ ਕੀਮਤੀ ਜ਼ਮੀਨ 'ਤੇ ਫ਼ੈਲੀ ਬੇਤਰਤੀਬੀ, ਗੰਦਗੀ ਅਤੇ ਗੈਰਕਾਨੂੰਨੀ ਕਬਜ਼ੇ ਕਰਵਾਉਣ ਦੇ ਟਰੱਸਟ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਦੋਸ਼ ਲਾਏ ਹਨ ਜਿਨ੍ਹਾਂ ਕਿਹਾ ਨਿਊ ਅੰਮਿ੍ਤਸਰ, ਜੋ ਕਦੇ ਸ਼ਹਿਰ ਦਾ ਪਾਸ਼ ਅਤੇ ਯੋਜਨਾਬੱਧ ਇਲਾਕਾ ਮੰਨਿਆ ਜਾਂਦਾ ਸੀ, ਅੱਜ ਟਰੱਸਟ ਤੇ ਪ੍ਰਸ਼ਾਸਨ ਦੀ ਭਾਰੀ ਨਾਕਾਮੀ ਕਾਰਨ ਕੂੜੇ ਦੇ ਵੱਡੇ ਡੰਪ ਵਿਚ ਤਬਦੀਲ ਹੋ ਚੁੱਕਾ ਹੈ | ਸ੍ਰੀ ਬੱਸੀ ਨੇ ਦੱਸਿਆ ਕਿ ਇਹ ਜ਼ਮੀਨ ਨਗਰ ਸੁਧਾਰ ਟਰੱਸਟ ਦੀ ਹੈ ਜਿਥੋਂ 45 ਫੁੱਟ ਚੌੜੀ ਸੜਕ ਪਿੱਛੇ ਵਾਲੀ ਸਾਈਡ ਤੋਂ ਸਿੱਧੀ ਨਿਊ ਅੰਮਿ੍ਤਸਰ ਨਾਲ ਜੁੜਦੀ ਹੈ | ਇਹ ਜਗ੍ਹਾ ਫਲੈਟਾਂ ਲਈ ਰਾਖਵੀਂ ਰੱਖੀ ਗਈ ਸੀ, ਪਰ ਟਰੱਸਟ ਦੀ ਲਾਪ੍ਰਵਾਹੀ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਥੇ ਗੈਰਕਾਨੂੰਨੀ ਕਬਜ਼ਿਆਂ ਨੂੰ ਹੁਲਾਰਾ ਮਿਲ ਰਿਹਾ ਹੈ ਜਿਸ ਨਾਲ ਆਲੇ-ਦੁਆਲੇ ਬਣੇ ਫਲੈਟਾਂ ਦੇ ਨੇੜੇ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਬਰਬਾਦ ਹੋ ਰਹੀ ਹੈ | ਇਸ ਮੌਕੇ ਬੰਨੀ ਮਹਾਜਨ, ਮਨਦੀਪ ਭੁੱਲਰ, ਰਿੰਕੂ ਠੇਕੇਦਾਰ, ਬਲਜਿੰਦਰ ਚਾਹਲ, ਪਵਨ ਰੱਖੜਾ, ਦਿਲਬਾਗ ਸਿੰਘ, ਵਿਕਰਮ ਮਹਲ ਅਤੇ ਵਿਕੀ ਵੀ ਮੌਜੂਦ ਰਹੇ | ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਪ੍ਰਾਈਮ ਜ਼ਮੀਨ ਨੂੰ ਤੁਰੰਤ ਕੂੜੇ ਦੇ ਡੰਪ ਤੋਂ ਮੁਕਤ ਕੀਤਾ ਜਾਵੇ, ਗੈਰਕਾਨੂੰਨੀ ਕਬਜ਼ਿਆਂ 'ਤੇ ਸਖ਼ਤ ਕਾਰਵਾਈ ਹੋਵੇ ਅਤੇ ਨਿਊ ਅੰਮਿ੍ਤਸਰ ਦੀ ਪਹਿਚਾਣ ਤੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾਵੇ |