ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਦੇ ਮੈਂਬਰ ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਲਗਭਗ 70 ਫੀਸਦੀ ਸੀਟਾਂ ਜਿੱਤ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ | ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਦੀ ਮਾਝਾ ਸੀ. ਐੱਮ. ਬਿ੍ਗੇਡ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਜਿੱਥੇ ਸਿੱਧੂ ਪਰਿਵਾਰ 500 ਕਰੋੜ ਵਾਲੇ ਬਿਆਨ ਕਰਕੇ ਘਿਰਿਆ ਰਿਹਾ, ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਆਪਣੇ ਹੀ ਜ਼ਿਲ੍ਹੇ ਗੁਰਦਾਸਪੁਰ 'ਚ ਭਾਰੀ ਹਾਰ ਦਾ ਸਾਹਮਣਾ ਕਰਦੇ ਨਜ਼ਰ ਆਏ | ਗੁਰਦਾਸਪੁਰ ਵਿਚ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਿਰਫ਼ 8 ਅਤੇ ਬਲਾਕ ਸੰਮਤੀ ਦੀਆਂ 63 ਸੀਟਾਂ ਹੀ ਜਿੱਤ ਸਕੀ, ਜਦਕਿ 'ਆਪ' ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਅਤੇ ਬਲਾਕ ਸੰਮਤੀ ਦੀਆਂ 125 ਸੀਟਾਂ ਜਿੱਤ ਕੇ ਵੱਡੀ ਬੜਤ ਬਣਾਈ | ਇਸ ਤਰ੍ਹਾਂ ਜੰਡਿਆਲਾ ਹਲਕੇ ਤੋਂ ਕਾਂਗਰਸ ਦੇ ਡੈਨੀ ਬੰਡਾਲਾ ਛੋਟੇ ਸੀ. ਐੱਮ. ਵੀ ਆਪਣੇ ਹਲਕੇ ਵਿਚ ਕੋਈ ਕਮਾਲ ਨਹੀਂ ਕਰ ਸਕੇ | ਅੰਮਿ੍ਤਸਰ 'ਚ ਵੀ 'ਆਪ' 80 ਫੀਸਦੀ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਹੈ | ਮਠਾੜੂ ਨੇ ਕਿਹਾ ਕਿ ਕੁੱਲ ਮਿਲਾ ਕੇ ਜਿਥੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ 'ਚ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ, ਉੱਥੇ ਮਾਝਾ ਖੇਤਰ 'ਚ ਵੀ 'ਆਪ' ਪਹਿਲਾਂ ਨਾਲੋਂ ਕਈ ਗੁਣਾ ਮਜ਼ਬੂਤ ਹੋ ਕੇ ਉਭਰੀ ਹੈ | ਮਾਝੇ 'ਚ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 58 ਅਤੇ ਬਲਾਕ ਸੰਮਤੀ ਦੀਆਂ 473 ਸੀਟਾਂ ਜਿੱਤ ਕੇ ਆਪਣੀ ਮਜ਼ਬੂਤੀ ਸਾਬਤ ਕੀਤੀ ਹੈ |