ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਮੰਗਲ ਮਿਲਾਪ ਟੀਮ ਵਲੋਂ ਗੰਗਾਹਰ ਸਨਾਤਨ ਧਰਮ ਮੰਦਰ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਦੇ ਸੱਤ ਪਾਠ ਆਯੋਜਨ ਦੇ ਦੌਰਾਨ ਧਰਮ ਜਾਗਰਣ ਪੰਜਾਬ ਦੇ ਕੋਆਰਡੀਨੇਟਰ ਸ੍ਰੀ ਰਾਮ ਗੋਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦਾ ਸਵਾਗਤ ਗੰਗਾਹਰ ਸਨਾਤਨ ਧਰਮ ਮੰਦਰ ਟਰੱਸਟ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਸ਼ਰਮਾ ਕੁੱਕੂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਵਸ਼ਿਸ਼ਟ ਅਤੇ ਮੰਗਲ ਮਿਲਾਪ ਟੀਮ ਦੇ ਮੁਖੀ ਅਸ਼ਵਨੀ ਪਰਾਸ਼ਰ ਨੇ ਕੀਤਾ | ਸਾਰੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਰਾਮ ਗੋਪਾਲ ਨੇ ਕਿਹਾ ਕਿ ਅੱਜ ਪੰਜਾਬ 'ਚ ਵੱਧ ਰਿਹਾ ਧਰਮ ਪਰਿਵਰਤਨ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ | ਈਸਾਈ ਮਿਸ਼ਨਰੀ ਅਤੇ ਮੁਸਲਿਮ ਸੰਗਠਨ ਇਕ ਸੁਚੱਜੀ ਯੋਜਨਾ ਤਹਿਤ ਪੰਜਾਬ 'ਚ ਧਾਰਮਿਕ ਪਰਿਵਰਤਨ ਕਰਵਾ ਕੇ ਹਿੰਦੂ/ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਸ਼੍ਰੇਣੀ 'ਚ ਲਿਆਉਣਾ ਚਾਹੁੰਦੇ ਹਨ | ਇਤਿਹਾਸ ਗਵਾਹ ਹੈ ਕਿ ਜਿੱਥੇ ਵੀ ਹਿੰਦੂ/ਸਿੱਖ ਭਾਈਚਾਰਾ ਘੱਟ ਗਿਣਤੀ 'ਚ ਹੈ, ਓਥੇ ਹਿੰਦੂ/ਸਿੱਖ ਨੂੰ ਪਲਾਇਣ ਕਰਨਾ ਪੈਂਦਾ ਹੈ ਜਾਂ ਧਰਮ ਬਦਲਣਾ ਪੈਂਦਾ ਹੈ | ਇਸ ਸੱਚਾਈ ਨੂੰ ਸਮਝਦੇ ਹੋਏ ਸਾਡੇ ਗੁਰੂਆਂ ਨੇ ਆਪਣੇ ਪਰਿਵਾਰਾਂ ਦੀ ਕੁਰਬਾਨੀ ਦਿੱਤੀ ਅਤੇ ਸਮਾਜ ਦੇ ਸਾਹਮਣੇ ਧਰਮ ਦੀ ਰੱਖਿਆ ਦੀ ਸਭ ਤੋਂ ਉੱਚੀ ਉਦਾਹਰਣ ਪੇਸ਼ ਕੀਤੀ | ਇਸ ਦੇ ਨਤੀਜੇ ਵਜੋਂ ਪੰਜਾਬ ਨੇ ਮੁਗਲਾਂ ਦੇ ਹਮਲੇ ਨੂੰ ਹਰਾ ਦਿੱਤਾ ਅਤੇ ਧਰਮ ਦੀ ਰੱਖਿਆ ਕੀਤੀ | ਖੁਸ਼ਕਿਸਮਤੀ ਨਾਲ ਇਹ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸਾਲ ਹੈ | ਅਸੀਂ ਧਾਰਮਿਕ ਪਰਿਵਰਤਨ ਨੂੰ ਰੋਕ ਕੇ ਆਪਣੇ ਨੌਵੇਂ ਗੁਰੂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ | ਮੰਗਲ ਮਿਲਾਪ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਯਤਨਾਂ ਸਦਕਾ ਇਸ ਮੰਦਰ 'ਚ ਇਹ ਸਤਿਸੰਗ ਕਰਵਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਸ਼ਹਿਰ ਦੇ ਹਰ ਮੰਦਰ 'ਚ ਅਜਿਹੇ ਸਤਿਸੰਗ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ | ਇਸ ਮੌਕੇ ਭਾਜਪਾ ਮਹਿਲਾ ਮੋਰਚਾ ਅੰਮਿ੍ਤਸਰ ਦੀ ਪ੍ਰਧਾਨ ਤੇ ਕੌਂਸਲਰ ਸ਼ਰੂਤੀ ਵਿਜ, ਰਾਕੇਸ਼ ਪਾਠਕ, ਪ੍ਰਮੋਦ ਮਹਾਜਨ, ਵਿਜੇ ਰਾਣਾ, ਰਾਮ ਸ਼ਰਨ, ਨਵਦੀਪ ਸ਼ਰਮਾ, ਚੰਦਰ ਮੋਹਨ ਆਦਿ ਹਾਜ਼ਰ ਸਨ |