ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਅੰਮਿ੍ਤਸਰ ਦੇ ਭਾਰਤ ਵਿਕਾਸ ਪ੍ਰੀਸ਼ਦ ਅੰਮਿ੍ਤਸਰ ਮੇਨ ਵਲੋਂ ਪ੍ਰਧਾਨ ਭਾਰਤੀ ਸੁਮਿਤ ਪੁਰੀ ਅਤੇ ਜਨਰਲ ਸਕੱਤਰ ਭਾਰਤੀ ਸੰਜੀਵ ਜੈਨ ਦੀ ਪ੍ਰਧਾਨਗੀ ਹੇਠ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ 'ਚ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲਿਦਾਨ ਅਤੇ ਮਨੁੱਖਤਾ, ਧਰਮ ਅਤੇ ਆਜ਼ਾਦੀ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਪ੍ਰੀਤ ਸਿੰਘ (ਪੰਜਾਬ ਸਕੂਲ ਸਿੱਖਿਆ ਬੋਰਡ ਡਿਪੂ) ਨੇ ਸ਼ਮਾਂ ਰੌਸ਼ਨ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ | ਇਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੰਦੀ ਅਤੇ ਪੰਜਾਬੀ 'ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਆਦਰਸ਼ਾਂ ਅਤੇ ਕੁਰਬਾਨੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਕੁੱਲ ਅੱਠ ਸਕੂਲਾਂ ਦੇ ਭਾਗੀਦਾਰਾਂ ਨੇ ਮੁਕਾਬਲੇ 'ਚ ਹਿੱਸਾ ਲਿਆ | ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੁਆਰਾ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਕੀਤੀ ਗਈ ਮਹਾਨ ਕੁਰਬਾਨੀ ਬਾਰੇ ਆਪਣੇ ਸ਼ਕਤੀਸ਼ਾਲੀ ਵਿਚਾਰ ਪ੍ਰਗਟ ਕੀਤੇ | ਬੁਲਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਨੂੰ ਅੱਜ ਦੇ ਸਮਾਜ ਲਈ ਢੁਕਵਾਂ ਦੱਸਿਆ, ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਅਖ਼ੀਰ 'ਚ ਹਰਮੀਤ ਸਿੰਘ, ਜੀਵਨਜੋਤ ਕੌਰ ਅਤੇ ਲਖਵਿੰਦਰ ਕੌਰ ਦੀ ਜਿਊਰੀ ਨੇ ਜੇਤੂਆਂ ਦਾ ਐਲਾਨ ਕੀਤਾ, ਜਿਸ 'ਚ ਪਹਿਲਾ ਇਨਾਮ ਭਵਨਸ ਐਸ.ਐਲ. ਸਕੂਲ ਦੇ ਵਿਦਿਆਰਥੀ ਅਤੇ ਗੁਰੂ ਨਾਨਕ ਗਰਲਜ਼ ਸਕੂਲ ਦੇ ਵਿਦਿਆਰਥੀ ਨੂੰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਜੇਤੂ ਹੁਣ ਬਟਾਲਾ 'ਚ ਹੋਣ ਵਾਲੇ ਰਾਜ ਪੱਧਰੀ ਪ੍ਰੋਗਰਾਮ 'ਚ ਹਿੱਸਾ ਲੈਣਗੇ | ਪ੍ਰੋਜੈਕਟ ਚੇਅਰਮੈਨ ਪੀ. ਐਨ. ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਧਰਮ ਅਤੇ ਮਨੁੱਖਤਾ ਦੀ ਰੱਖਿਆ ਦਾ ਪ੍ਰਤੀਕ ਹੈ | ਉਨ੍ਹਾਂ ਦਾ ਜੀਵਨ ਸਾਨੂੰ ਸਹਿਣਸ਼ੀਲਤਾ, ਹਿੰਮਤ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਵਿਨੋਦ ਮਹਾਜਨ, ਏ.ਐਨ. ਚਾਬਾ, ਸਕੂਲ ਸਟਾਫ਼ ਅਤੇ ਅਧਿਆਪਕ ਮੌਜੂਦ ਸਨ |