ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਵਲੋਂ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸਣ ਦੇ ਮੰਤਵ ਨਾਲ ਸ਼ਹਿਰ ਦੇ ਤਿੰਨ ਜ਼ੋਨਾਂ 'ਚ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਹਰੇਕ ਸ਼ੱਕੀ ਵਿਅਕਤੀ ਅਤੇ ਵਾਹਨ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਦੀ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਐੱਨ. ਡੀ. ਪੀ. ਐੱਸ. ਐਕਟ ਅਧੀਨ 1476 ਮਾਮਲੇ ਦਰਜ ਕਰਕੇ 2668 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੌਰਾਨ 276 ਕਿੱਲੋ 551 ਗ੍ਰਾਮ ਹੈਰੋਇਨ, 37 ਕਿੱਲੋ 146 ਗ੍ਰਾਮ ਅਫੀਮ, 6 ਕਿੱਲੋ 515 ਗ੍ਰਾਮ ਆਈਸ (ਮੇਥਐਮਫੇਟਾਮੀਨ) ਅਤੇ 16 ਕਿੱਲੋ 75 ਗ੍ਰਾਮ ਚਰਸ ਬਰਾਮਦ ਕੀਤੀ ਗਈ | ਇਸ ਤੋਂ ਇਲਾਵਾ 3.14 ਕਰੋੜ ਰੁਪਏ ਦੀ ਡਰੱਗ ਮਨੀ ਅਤੇ 126 ਵਾਹਨ ਜ਼ਬਤ ਕਰਕੇ ਨਸ਼ਾ ਤਸਕਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਅਗਾਂਹ ਵੀ ਨਿਰੰਤਰ ਜਾਰੀ ਰਹੇਗੀ |