ਅੰਮਿ੍ਤਸਰ, 20 ਦਸੰਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਮਾਤਾ ਕੌਲਾਂ ਜੀ ਮਾਰਗ ਦੇ ਵਿੱਦਿਅਕ ਭਵਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ 'ਨਿੱਕੀਆਂ ਜਿੰਦਾਂ ਵੱਡੇ ਸਾਕੇ' ਕਰਵਾਇਆ ਗਿਆ | ਜਿਸ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਦੇ ਨੰਨ੍ਹੇ- ਮੁੰਨ੍ਹੇ ਬੱਚਿਆਂ ਨੇ ਸਿੱਖੀ ਬਾਣੇ ਵਿਚ ਸੱਜ ਕੇ ਧਾਰਮਿਕ ਕਵਿਤਾਵਾਂ ਅਤੇ ਗੀਤ ਗਾਇਨ ਕਰਕੇ ਹਾਜ਼ਰ ਦਰਸ਼ਕਾਂ ਨੂੰ ਨਿਹਾਲ ਕੀਤਾ | ਸੰਤ ਸਿੰਘ ਸੁੱਖਾ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਪਿ੍ੰ: ਜਗਦੀਸ਼ ਸਿੰਘ, ਡਾਇਰੈਕਟਰ ਸਵਰਨ ਕੌਰ, ਸਕੂਲ ਪਿ੍ੰਸੀਪਲ ਸ. ਗੁਰਪ੍ਰੀਤ ਸਿੰਘ, ਪਿ੍ੰ. ਸਵਿਤਾ ਖੰਨਾ, ਪਿ੍ੰ. ਬਰਜਿੰਦਰ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਗੁਰਜਿੰਦਰ ਕੌਰ, ਹੋਰ ਸਟਾਫ ਮੈਂਬਰ ਅਤੇ ਬੱਚਿਆਂ ਦੇ ਮਾਤਾ-ਪਿਤਾ ਸਮਾਗਮ ਵਿਚ ਸ਼ਾਮਿਲ ਹੋਏ | ਇਸ ਮੌਕੇ ਡਾਇਰੈਕਟਰ ਪਿ੍ੰ: ਜਗਦੀਸ਼ ਸਿੰਘ ਨੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੁੜਨ, ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਧਾਰਨ ਕਰਨ, ਸ਼ਹਾਦਤ ਦੇ ਇਸ ਮਹੀਨੇ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਸਾਹਿਬਜ਼ਾਦਿਆਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਪਿ੍ੰ. ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ |