ਸੁਲਤਾਨਵਿੰਡ, 21 ਦਸੰਬਰ (ਗੁਰਨਾਮ ਸਿੰਘ ਬੁੱਟਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਨਿਊ ਅੰਮਿ੍ਤਸਰ ਗੋਲਡਨ ਗੇਟ 'ਤੇ ਮਜਦੂਰਾਂ ਨੂੰ ਵੱਡੀ ਪੱਧਰ 'ਤੇ ਰੁਜ਼ਗਾਰ ਦਾ ਸਾਧਨ ਮਨਰੇਗਾ ਸਕੀਮ ਕੇਂਦਰ ਸਰਕਾਰ ਵਲੋਂ ਬੰਦ ਕੀਤੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ 'ਤੇ ਹਮਲਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਸਕੀਮ ਵੀ. ਬੀ. ਜੀ. ਰਾਮ ਜੀ. ਮੂਲ ਮਨਰੇਗਾ ਦੇ ਉਲਟ ਜਿੱਥੇ ਕੇਂਦਰ 100% ਮਜ਼ਦੂਰੀ ਦਾ ਬੋਝ ਪਾਉਂਦਾ ਸੀ, ਨਵੀਂ ਪ੍ਰਣਾਲੀ ਜ਼ਿਆਦਾਤਰ ਰਾਜਾਂ ਲਈ 60:40 ਅਨੁਪਾਤ (60% ਕੇਂਦਰ, 40% ਰਾਜ) ਅਨੁਪਾਤ ਰੱਖਦੀ ਹੈ | ਜਿਸ ਨਾਲ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਹੇ ਪੰਜਾਬ ਸਮੇਤ ਪੂਰੇ ਭਾਰਤ ਦੇ ਰਾਜਾਂ ਤੇ 30 ਤੋਂ 40 ਹਜ਼ਾਰ ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ | ਉਨ੍ਹਾਂ ਕਿਹਾ ਕਿ ਇਹ ਯੋਜਨਾ ਮੰਗ-ਅਧਾਰਤ (ਜਿੱਥੇ ਸਰਕਾਰ ਨੂੰ ਮੰਗਣ 'ਤੇ ਕੰਮ ਪ੍ਰਦਾਨ ਕਰਨਾ ਚਾਹੀਦਾ ਹੈ) ਤੋਂ 'ਬਜਟ-ਸੀਮਤ' (ਸਾਲਾਨਾ ਵੰਡ ਦੁਆਰਾ ਸੀਮਿਤ) ਵੱਲ ਬਦਲ ਰਹੀ ਹੈ | ਜਿਸ ਨਾਲ ਜ਼ਰੂਰੀ ਰੁਜ਼ਗਾਰ ਦੇਣ ਦੇ ਰਾਹ ਵਿਚ ਵੱਡੀਆਂ ਮੁਸ਼ਕਿਲਾਂ ਖੜੀਆਂ ਹੋਣਗੀਆਂ | ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਜ਼ਦੂਰਾਂ ਦੇ ਇਸ ਅਧਿਕਾਰ 'ਤੇ ਵੱਜ ਰਹੇ ਡਾਕੇ ਦਾ ਸਖਤ ਵਿਰੋਧ ਕਰਦੀ ਹੈ ਸਾਰੀਆਂ ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਸ ਤੇ ਵਿਰੋਧ ਦੇ ਵਿਚ ਖੜੇ ਹੋਣ ਦੀ ਅਪੀਲ ਕਰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਮਨਰੇਗਾ ਸਕੀਮ ਨੂੰ ਇਨ ਬਿਨ ਰੂਪ ਦੇ ਵਿਚ ਬਹਾਲ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਮਨਰੇਗਾ ਸਕੀਮ ਖਤਮ ਕਰਨ ਦੇ ਵਿਰੁੱਧ ਵਿਧਾਨ ਸਭਾ 'ਚ ਮਤਾ ਲੈ ਕੇ ਆਵੇ ਉੱਥੇ ਹੀ ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਇੱਕ ਰਾਸ਼ਟਰ ਇੱਕ ਪੰਜੀਕਰਨ ਦੀ ਨੀਤੀ ਦੇ ਖਿਲਾਫ ਮਤਾ ਵਿਧਾਨ ਸਭਾ ਵਿਚ ਲੈ ਕੇ ਆਵੇ | ਇਸ ਮੌਕੇ ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ, ਬਾਜ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜਦੂਰ ਹਾਜ਼ਿਰ ਹੋਏ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ <br/>
ਅਜੀਤ ਡੈਸਕ
22-12-2025