ਅੰਮਿ੍ਤਸਰ, 23 ਦਸੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਕਾਰਜਸ਼ੀਲ ਸੀ. ਕੇ. ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਝਬਾਲ ਰੋਡ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਵਿਦਿਆਰਥੀਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਜਾਣ ਉਪ੍ਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸੈਂਟਰਲ ਖ਼ਾਲਸਾ ਯਤੀਮਖ਼ਾਨਾ ਤੋਂ ਭਾਈ ਸਤਨਾਮ ਸਿੰਘ ਦੇ ਜਥੇ ਅਤੇ ਮੈਡਮ ਆਸ਼ਮੀਨ ਕੌਰ ਵਲੋਂ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨਾਲ ਗੁਰਬਾਣੀ ਦਾ ਰਸਭਿੰਨਾ ਕੀਰਤਨ ਗਾਇਣ ਕੀਤਾ ਗਿਆ | ਜਸਪਾਲ ਸਿੰਘ ਢਿੱਲੋਂ, ਐਡੀਸ਼ਨਲ ਆਨਰੇਰੀ ਸਕੱਤਰ ਚੀਫ ਖ਼ਾਲਸਾ ਦੀਵਾਨ, ਡਾ. ਆਤਮਜੀਤ ਸਿੰਘ ਬਸਰਾ ਚੇਅਰਮੈਨ ਨਰਸਿੰਗ ਕਾਲਜ ਅਤੇ ਡਾ. ਹਰਮੋਹਿੰਦਰ ਸਿੰਘ ਨਾਗਪਾਲ ਮੈਂਬਰ ਇੰਚਾਰਜ ਨਰਸਿੰਗ ਕਾਲਜ ਨੇ ਕੀਰਤਨੀ ਜਥਿਆਂ ਅਤੇ ਵਿਦਿਆਰਥਣਾਂ ਨੂੰ ਸਿਰੋਪਾਉ ਭੇਟ ਕੀਤੇ | ਪਿ੍ੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਸੰਗਤਾਂ ਦਾ ਸਵਾਗਤ ਕਰਦਿਆਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਵਿਚ ਇਤਿਹਾਸਕ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ | ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਸਾਲ ਬੀ. ਐੱਸ. ਸੀ. ਨਰਸਿੰਗ ਅਤੇ ਜੀ. ਐੱਨ. ਐੱਮ. ਕੋਰਸਾਂ ਦੀਆਂ ਸੀਟਾਂ ਵਿਚ ਹੋਏ ਵਾਧੇ ਦੀ ਕਾਲਜ ਸਟਾਫ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਕਰਨ ਅਤੇ ਭੋਗ ਮੌਕੇ ਉਨ੍ਹਾਂ ਵਲੋਂ ਸ਼ਰਧਾ ਸਹਿਤ ਕੀਤੀ ਗਈ ਫੁੱਲਾਂ ਦੀ ਸਜਾਵਟ ਦੀ ਸ਼ਲਾਘਾ ਕੀਤੀ | ਇਸ ਦੌਰਾਨ ਡਾ. ਬਸਰਾ ਤੇ ਡਾ: ਨਾਗਪਾਲ ਨੇ ਕਿਹਾ ਕਿ ਨਰਸਿੰਗ ਵਰਗਾ ਮਹਾਨ ਕਿੱਤਾ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਮਰੀਜ਼ਾਂ ਦੀ ਸੰਵੇਦਨਸ਼ੀਲਤਾ ਅਤੇ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ | ਮੈਡਮ ਹਰਮੀਤ ਕੌਰ ਵੱਲੋਂ ਅਰਦਾਸ ਅਤੇ ਹੁਕਮਨਾਮਾ ਸਰਵਣ ਕਰਾਇਆ ਗਿਆ | ਇਸ ਮੌਕੇ ਸਾਲਾਨਾ ਇਮਤਿਹਾਨਾਂ 'ਚੋਂ ਪਹਿਲੇ ਸਥਾਨਾਂ 'ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਕੁਲਜੀਤ ਸਿੰਘ ਸਾਹਨੀ, ਲਖਵਿੰਦਰ ਸਿੰਘ ਢਿੱਲੋਂ, ਰਬਿੰਦਰਬੀਰ ਸਿੰਘ ਭੱਲਾ, ਮੋਹਨਜੀਤ ਸਿੰਘ ਭੱਲਾ, ਸਰਜੋਤ ਸਿੰਘ ਸਾਹਨੀ ਵੀ ਹਾਜ਼ਰ ਸਨ |