ਅੰਮਿ੍ਤਸਰ, 25 ਦਸੰਬਰ (ਜਸਵੰਤ ਸਿੰਘ ਜੱਸ)-ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਵਲੋਂ ਵਿਸ਼ਾਲ ਨਗਰ ਕੀਰਤਨ ਕੱਲ੍ਹ 26 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਰਧਾ ਸਹਿਤ ਸਜਾਇਆ ਜਾ ਰਿਹਾ ਹੈ | ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸ: ਭਗਵੰਤ ਸਿੰਘ ਧੰਗੇੜਾ ਅਨੁਸਾਰ ਇਹ ਨਗਰ ਕੀਰਤਨ ਸ਼ੁੱਕਰਵਾਰ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰੰਭ ਹੋਵੇਗਾ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ | ਇਸੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਅਤੇ ਦੀਵਾਨ ਨਾਲ ਸਬੰਧਤ ਸਮੂਹ ਵਿਦਿਅਕ ਅਦਾਰਿਆਂ ਵਲੋਂ ਵੀ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਲ੍ਹ 26 ਦਸੰਬਰ ਨੂੰ ਸਜਾਇਆ ਜਾ ਰਿਹਾ ਹੈ | ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਅਨੁਸਾਰ ਇਹ ਨਗਰ ਕੀਰਤਨ ਅਰਦਾਸ ਉਪ੍ਰੰਤ ਦੀਵਾਨ ਦੇ ਜੀ ਟੀ ਰੋਡ ਸਥਿਤ ਮੁੱਖ ਦਫਤਰ ਅਤੇ ਮੁੱਖ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਸਵੇਰੇ 9 ਵਜੇ ਅਰੰਭ ਹੋਵੇਗਾ | ਪੰਜ ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਜਾ ਰਹੇ ਇਸ ਨਗਰ ਕੀਰਤਨ ਵਿਚ ਇਸ ਵਾਰ ਇੱਕੋ ਦਿਨ, ਭਾਵ 27 ਦਸੰਬਰ ਨੂੰ ਆਉਣ ਕਾਰਣ ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਇਸ ਵਾਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਰਾਤ ਨੂੰ ਆਤਿਸ਼ਬਾਜ਼ੀ ਨਹੀਂ ਚਲਾਈ ਜਾਵੇਗੀ | ਪ੍ਰਾਪਤ ਵੇਰਵਿਆਂ ਅਨੁਸਾਰ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਪ੍ਰੋਗਰਾਮਾਂ ਤਹਿਤ 26 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੁਪਹਿਰ 12 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ | 27 ਦਸੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸਵੇਰੇ 8.30 ਤੋਂ ਦੁਪਹਿਰ 12 ਵਜੇ ਤੱਕ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਸੁੰਦਰ ਜਲੌਅ ਸਜਾਏ ਜਾਣਗੇ | ਇਸੇ ਦਿਨ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ 10 ਤੋਂ 2 ਵਜੇ ਅਤੇ ਸ਼ਾਮ 7 ਤੋਂ ਰਾਤ ਵਜੇ ਦੌਰਾਨ ਧਾਰਮਿਕ ਦੀਵਾਨ ਸਜਣਗੇ, ਪਰ ਰਵਾਇਤ ਅਨੁਸਾਰ ਇਸ ਵਾਰ ਰਾਤ ਨੂੰ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਆਤਿਸ਼ਬਾਜੀ ਨਹੀਂ ਚਲਾਈ ਜਾਵੇਗੀ | ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਸਮੂਹ ਵਿਖੇ ਦੀਪਮਾਲਾ ਵੀ ਹਲਕੇ ਪੱਧਰ ਦੀ ਹੀ ਕੀਤੇ ਜਾਣ ਦੀ ਸੰਭਾਵਨਾ ਹੈ |