ਪੱਟੀ, 31 ਮਈ (ਕੁਲਵਿੰਦਪਾਲ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਸਕੂਲਾਂ ਵਿਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਵਿਚ ਇਸ ਸੰਬੰਧੀ ਸੈਮੀਨਰ ਵੀ ਕਰਵਾਏ ਗਏ | ਇਸ ਤੋਂ ਇਲਾਵਾ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਿਸ ਸ਼ਿਲਪਾ ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਸਬ ਜੇਲ੍ਹ ਪੱਟੀ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਮੌਕੇ ਇੰਦਰਪ੍ਰੀਤ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ੍ਹ ਪੱਟੀ, ਗੁਰਕੀਰਤ ਸਿੰਘ ਅਸਿਸਟੈਂਟ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਕਰਨਬੀਰ ਸਿੰਘ ਅਸਿਸਟੈਂਟ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਮਿਸ ਜੀਆਂ ਕੁਲਰ ਅਸਿਸਟੈਂਟ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਮਿਸ ਸੀਮਾ ਅਸਿਸਟੈਂਟ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ ਅਤੇ ਪ੍ਰਬਦੀਪ ਸਿੰਘ ਪੈਰਾ ਲੀਗਲ ਵਲੰਟੀਅਰ ਹਾਜ਼ਰ ਰਹੇ | ਇਸ ਮੌਕੇ ਜ਼ਿਲ੍ਹਾ ਅਤੇ ਸੈਸਨਜ਼ ਜੱਜ ਤਰਨ ਤਾਰਨ ਦੇ ਹੁਕਮਾਂ ਅਨੁਸਾਰ ਸਬ ਜੇਲ੍ਹ ਪੱਟੀ ਵਿਖੇ ਮੈਡੀਕਲ ਕੈਂਪ ਵੀ ਲਗਵਾਇਆ ਗਿਆ | ਬਿਮਾਰੀਆਂ ਨਾਲ ਪੀੜਤ ਕੈਦੀਆਂ ਅਤੇ ਹਵਾਲਾਤੀਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੌਕੇ 'ਤੇ ਲੋੜ ਮੁਤਾਬਕ ਪੀੜਤ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਵਾਈਆਂ ਵੀ ਦਿੱਤੀਆਂ ਗਈਆ | ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਲੋਂ ਸਬ ਜੇਲ੍ਹ ਪੱਟੀ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੱਭਿਆਚਾਰ, ਧਾਰਮਿਤ ਕਿਸੇ ਕਵਿਤਾ, ਨਾਵਲ ਕਿਤਾਬਾਂ ਵੀ ਦਿੱਤੀਆਂ ਗਈਆਂ ਤਾਂ ਜੋ ਉਹ ਆਪਣਾ ਫਰੀ ਟਾਈਮ ਕਿਤਾਬਾਂ ਪੜ੍ਹਨ ਵਿਚ ਲਗਾ ਸਕਣ ਅਤੇ ਨਸ਼ਿਆਂ ਤੋਂ ਦੂਰ ਹੋ ਸਕਣ | ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਅਗਵਾਈ ਹੇਠ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਡਰਾਇੰਗ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਅਤੇ ਅਵੱਲ ਆਉਣ ਵਾਲੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਮੌਕੇ ਜੱਜ ਸਾਹਿਬ ਨੇ ਦੱਸਿਆ ਕਿ ਤੰਬਾਕੂ ਛੱਡਣ ਦੇ ਬਹੁਤ ਸਾਰੇ ਲਾਭ ਹਨ ਤੰਬਾਕੂ ਛੱਡਣਾ ਸਿਹਤ ਲਈ ਸਭ ਤੋਂ ਵਧੀਆ ਫੈਸਲਾ ਹੈ | ਇਸਦੇ ਕਈ ਲਾਭ ਹਨ, ਜਿਵੇਂ ਕਿ ਸਿਹਤ ਵਿੱਚ ਸੁਧਾਰ, ਬਿਮਾਰੀਆਂ ਦਾ ਖਤਰਾ ਘਟਾਉਣਾ, ਲੰਬੀ ਉਮਰ ਅਤੇ ਪਰਿਵਾਰ ਵੀ ਖੁਸ਼ ਰਹਿੰਦਾ ਹੈ | ਉਨ੍ਹਾਂ ਆਖੀਰ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਤੰਬਾਕੂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਜੀਉਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ |