ਤਰਨ ਤਾਰਨ, 31 ਮਈ (ਇਕਬਾਲ ਸਿੰਘ ਸੋਢੀ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਪਿਛਲੇ ਦਿਨੀਂ ਸਿੱਖ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਹਨ ਅਤੇ ਪਹਿਲਾਂ ਵੀ ਦਿੱਲੀ ਵਿਖੇ ਦੰਗਾ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ, ਇਸੇ ਤਰਜ 'ਤੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੀ ਸਿੱਖ ਦੰਗਿਆਂ ਤੋਂ ਪ੍ਰਭਾਵਿਤ ਲਾਲਕਾਰਡ ਧਾਰਕ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀਆਂ ਨੌਕਰੀਆਂ ਦੇਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 1984 ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ, ਚੇਅਰਮੈਨ ਰਤਨ ਸਿੰਘ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਮੱਲ੍ਹੀਸ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਸਿੱਖ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਨੌਕਰੀਆਂ ਦੇਣਾ ਸ਼ਲਾਘਾਯੋਗ ਫੈਸਲਾ ਹੈ, ਇਸ ਫੈਸਲੇ ਨਾਲ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਜਰੂਰ ਮਿਲੇਗੀ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਦਿੱਲੀ ਸਰਕਾਰ ਵਲੋਂ ਸਿੱਖ ਦੰਗਾ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ, ਹਨ, ਉਸੇ ਤਰ੍ਹਾਂ ਪੰਜਾਬ ਵਿਚ ਸਿੱਖ ਦੰਗਾ ਪੀੜਤ ਪਰਿਵਾਰ ਜਿਨ੍ਹਾਂ ਦੇ ਲਾਲ ਕਾਰਡ ਬਣੇ ਹਨ, ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਅਤੇ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ | ਇਸ ਮੌਕੇ ਮੀਤ ਪ੍ਰਧਾਨ ਧੀਰਾ ਸਿੰਘ, ਪ੍ਰੈੱਸ ਸਕੱਤਰ ਅਰਜਨ ਸਿੰਘ ਠਰੂ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਕਰਮ ਸਿੰਘ, ਖਜਾਨਚੀ ਉਪਿੰਦਰ ਕੌਰ, ਅਮਰਜੀਤ ਸਿੰਘ ਬੰਟੀ, ਮਲਵਿੰਦਰ ਸਿੰਘ ਜੌੜਾ, ਰਣਜੀਤ ਸਿੰਘ ਭੁੱਚਰ, ਮਨਜੀਤ ਕੌਰ ਭੁੱਚਰ, ਹਰਦੇਵ ਸਿੰਘ, ਜੋਧਾ ਸਿੰਘ, ਭਗਵਾਨ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਪੀੜਤ ਪਰਿਵਾਰ ਮੌਜੂਦ ਸਨ |