ਖਾਲੜਾ, 31 ਮਈ (ਜੱਜਪਾਲ ਸਿੰਘ ਜੱਜ)-ਕਣਕ ਦੇ ਸੀਜਨ 'ਚ ਕਾਰਟੇਜ ਅਤੇ ਲੇਬਰ ਦੇ ਘੱਟ ਰੇਟ ਨਾਲ ਆੜ੍ਹਤੀਆਂ ਨੂੰ ਹੋਏ ਭਾਰੀ ਵਿੱਤੀ ਨੁਕਸਾਨ ਅਤੇ ਠੇਕੇਦਾਰਾਂ ਤੇ ਟਰਾਂਸਪੋਰਟ ਅਤੇ ਲੇਬਰ ਦੇ ਠੇਕੇਦਾਰਾਂ ਦੇ ਸਰਕਾਰ ਵਲੋਂ ਲੰਬੇ ਸਮੇਂ ਤੋਂ ਤੈਅ ਕੀਤੇ ਘੱਟ ਰੇਟਾਂ ਨਾਲ ਹੋਈ ਆੜ੍ਹਤੀ ਵਰਗ ਦੀ ਲੁੱਟ ਨੂੰ ਲੈ ਕੇ ਹਲਕਾ ਖੇਮਕਰਨ ਅਧੀਨ ਆਉਂਦੀਆਂ ਸਮੂਹ ਮੰਡੀਆਂ ਦੇ ਪ੍ਰਧਾਨ ਸਾਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਪਹਿਲਵਾਨ ਗੁਰਸੇਵਕ ਸਿੰਘ ਬੱਬੂ ਮਾੜੀਮੇਘਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਪਹੁੰਚੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਸਮੂਹ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਅਹਿਮ ਮਸਲੇ ਨੂੰ ਲੈ ਕੇ ਮਾਝਾ ਜੋਨ ਬੈਲਟ ਦੇ ਸਮੂਹ ਆੜ੍ਹਤੀ ਆਉਣ ਵਾਲੇ ਸਮੇਂ 'ਚ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਮਾਝਾ ਬੈਲਟ ਅਧੀਨ ਆਉਂਦੀਆਂ ਦਾਣਾ ਮੰਡੀਆਂ ਅੰਮਿ੍ਤਸਰ, ਤਰਨ ਤਾਰਨ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਦੀਨਾ ਨਗਰ, ਪਠਾਨਕੋਟ ਤੇ ਗੁਰਦਾਸਪੁਰ 'ਚ ਕਣਕ ਦੇ ਸਟੋਰੇਜ ਪੁਆਇੰਟ ਸਿਰਫ ਇਕ ਤੋਂ ਤਿੰਨ ਕਿਲੋਮੀਟਰ ਦੇ ਅਧੀਨ ਆਉਂਦੇ ਹਨ, ਜਿਸ ਦਾ ਕਿਰਾਇਆ ਲੰਮੇ ਸਮੇਂ ਤੋਂ ਸਰਕਾਰਾਂ ਨੇ ਬਹੁਤ ਘੱਟ ਰੇਟ 'ਤੇ ਤੈਅ ਕੀਤਾ ਹੈ, ਜਿਸ ਨਾਲ ਆੜ੍ਹਤੀਆਂ ਨੂੰ ਸਿਰਫ ਚਾਰ ਪੰਜ ਤੋਂ ਲੈ ਕੇ 6 ਰੁਪਏ ਪ੍ਰਤੀ ਬੋਰੀ ਮਿਲਦਾ ਹੈ | ਆੜ੍ਹਤੀ ਪਹਿਲਵਾਨ ਗੁਰਸੇਵਕ ਸਿੰਘ ਬੱਬੂ ਮਾੜੀਮੇਘਾ ਨੇ ਕਿਹਾ ਕਿ ਗੋਦਾਮਾਂ ਅੰਦਰ ਮਜ਼ਦੂਰਾਂ ਵਲੋਂ ਤਿੰਨ ਰੁਪਏ ਪ੍ਰਤੀ ਬੋਰੀ ਡਾਲਾ ਵਸੂਲਿਆ ਜਾ ਰਿਹਾ ਹੈ, ਜੋ ਸਿੱਧੇ ਤੌਰ 'ਤੇ ਆੜ੍ਹਤੀਆਂ ਦੀ ਲੁੱਟ ਹੈ | ਉਕਤ ਆਗੂਆਂ ਨੇ ਦੱਸਿਆ ਕਿ ਕਣਕ ਦੀ ਢੋਆ ਢੁਆਈ ਲਈ ਆੜ੍ਹਤੀਆਂ ਨੂੰ ਟਰੱਕਾਂ ਦਾ ਕਿਰਾਇਆ 14 ਤੋਂ 15 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਕੋਲੋਂ ਦੇਣਾ ਪੈ ਰਿਹਾ ਹੈ, ਜਿਸ ਨਾਲ ਆੜ੍ਹਤੀਆਂ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਝੱਲਣਾ ਪਿਆ ਹੈ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੰਡੀ ਮਾੜੀਮੇਘਾ, ਪ੍ਰਧਾਨ ਲਾਡੀ ਸ਼ਾਹ ਮੰਡੀ ਬਾਸਰਕੇ, ਪ੍ਰਧਾਨ ਜਰਨੈਲ ਸਿੰਘ ਮੰਡੀ ਵਾਂ ਤਾਰਾ ਸਿੰਘ, ਪ੍ਰਧਾਨ ਗੁਰਪਰਸਿਨ ਸਿੰਘ ਮੰਡੀ ਅਮਰਕੋਟ, ਪ੍ਰਧਾਨ ਰੇਸ਼ਮ ਸਿੰਘ ਮੰਡੀ ਅਲਗੋਂ ਕੋਠੀ, ਪ੍ਰਧਾਨ ਨਛੱਤਰ ਸਿੰਘ ਮੰਡੀ ਵਰਨਾਲਾ, ਪ੍ਰਧਾਨ ਗੁਰਬਾਜ ਸਿੰਘ ਮੰਡੀ ਰਾਜੋਕੇ, ਪ੍ਰਧਾਨ ਦਿਲਬਾਗ ਸਿੰਘ ਮੰਡੀ ਦਿਆਲਪੁਰ, ਪ੍ਰਧਾਨ ਬਖਸ਼ੀਸ਼ ਸਿੰਘ ਮੰਡੀ ਬੈਂਕਾ, ਪ੍ਰਧਾਨ ਕਾਰਜ ਸਿੰਘ ਮੰਡੀ ਘਰਿਆਲਾ, ਪ੍ਰਧਾਨ ਸੋਨੂ ਮੰਡੀ ਬਹਾਦਰ ਨਗਰ, ਪ੍ਰਧਾਨ ਅਮਰਿੰਦਰ ਸਿੰਘ ਮੰਡੀ ਸੁਰ ਸਿੰਘ, ਪ੍ਰਧਾਨ ਗੌਰਵ ਬੈਂਬੀ ਮੰਡੀ ਖਾਲੜਾ, ਪ੍ਰਧਾਨ ਹਰਭਜਨ ਸਿੰਘ ਮੰਡੀ ਖੇਮਕਰਨ ਤੋਂ ਇਲਾਵਾ ਪਰਮਜੀਤ ਸਿੰਘ ਬਾਗ ਵਾਲੇ, ਜਰਮਲ ਸਿੰਘ ਸੁਰ ਸਿੰਘ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਮੰਡੀ ਭਿਖੀਵਿੰਡ, ਪ੍ਰਧਾਨ ਦੇਵਗਨ ਮੰਡੀ ਘਰਿਆਲਾ ਆਦਿ ਆੜਤੀ ਹਾਜ਼ਰ ਸਨ |