ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ)-ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਮੂਲ ਸਿਧਾਂਤ ਗੁਰੂ ਸਾਹਿਬਾਂ ਜੀ ਦੀ ਜੀਵਨੀ ਤੇ ਸ਼ਹੀਦੀਆਂ ਦੇ ਕਾਰਨ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਗੁਰਜੋਤ ਸਿੰਘ ਢਿੱਲੋਂ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਗੁਰਸਿੱਖਾਂ ਦੇ ਵਿਸ਼ੇਸ਼ ਉਪਰਾਲੇ ਅਤੇ ਬਾਬਾ ਜਗਤਾਰ ਸਿੰਘ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਚਾਰ ਦਿਨਾਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਇਸ ਵਿਚ ਪੰਥ ਪ੍ਰਸਿੱਧ ਢਾਡੀ ਕੁਲਜੀਤ ਸਿੰਘ ਬਾਬਾ ਬਕਾਲਾ ਸਾਹਿਬ, ਢਾਡੀ ਨਿਰਮਲ ਸਿੰਘ ਜੇਠੂਵਾਲ, ਕਵੀਸ਼ਰੀ ਜਥਾ ਭਾਈ ਸੰਦੀਪ ਸਿੰਘ ਮਹਿਮਾ ਅਤੇ ਕਵੀਸ਼ਰ ਭਾਈ ਅਮਰਜੀਤ ਸਿੰਘ ਕੋਮਲ ਢੱਡੇ ਅਤੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ, ਭਾਈ ਜਸਪਾਲ ਸਿੰਘ ਬਲਸਰਾਂ ਬਾਬਾ ਬਕਾਲਾ ਵਾਲੇ ਨੇ ਗੁਰਬਾਣੀ ਗੁਰੂ ਸਾਹਿਬ ਦੀ ਸ਼ਹੀਦੀਆਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਲੜਾਈਆਂ ਜਰ ਜੁਰੂ ਤੇ ਜ਼ਮੀਨ ਕਾਰਨ ਹੋ ਰਹੀਆਂ ਹਨ ਗੁਰੂ ਸਾਹਿਬਾਂ ਨੇ ਹੱਕ ਅਤੇ ਸੱਚ ਅਤੇ ਇਨਸਾਫ 'ਤੇ ਪਹਿਰਾ ਦਿੰਦਿਆਂ ਜ਼ੁਲਮ ਦੇ ਖਿਲਾਫ ਲੜਦਿਆਂ ਸ਼ਹਾਦਤਾਂ ਦਿੱਤੀਆਂ ਹਨ | ਜਿਹੜੇ ਲੋਕ ਲਾਲਚਾਂ ਕਾਰਨ ਧਰਮ ਪਰਿਵਰਤਨ ਕਰ ਰਹੇ ਹਨ ਉਨ੍ਹਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਗੁਰੂ ਜੀ ਨੇ ਸਾਨੂੰ ਬਾਦਸ਼ਾਹ ਬਣਾਇਆ ਸੀ ਪਰ ਗੁਰਬਾਣੀ ਅਤੇ ਇਤਿਹਾਸ ਨੂੰ ਭੁੱਲਣ ਕਾਰਨ ਲਾਲਚਾਂ ਦੇ ਵਿਚ ਸਾਨੂੰ ਮੰਗਤੇ ਬਣਾਇਆ ਜਾ ਰਿਹਾ ਹੈ | ਗੁਰਮਤਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਭਾਈ ਦਲਜੀਤ ਸਿੰਘ , ਸੁਰਜੀਤ ਸਿੰਘ ਖਾਲਸਾ, ਅਜਮੇਰ ਸਿੰਘ ਢਿਲੋਂ ਆਦਿ ਹਾਜ਼ਰ ਸਨ |