ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਚੀਫ਼ ਖਾਲਸਾ ਦੀਵਾਨ ਅੰਮਿ੍ਤਸਰ ਦੀ ਅਗਵਾਈ ਹੇਠ ਚੱਲ ਰਹੇ ਤਰਨ ਤਾਰਨ ਜ਼ਿਲ੍ਹੇ ਦੀ ਪ੍ਰਸਿੱਧ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਚ 5 ਜੂਨ ਤੱਕ ਚਾਰ ਦਿਨਾਂ ਦਾ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ | ਇਸ ਕਾਰਜਕ੍ਰਮ ਵਿਚ ਚੀਫ਼ ਖਾਲਸਾ ਦੀਵਾਨ ਦੇ ਅਧੀਨ ਚੱਲ ਰਹੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਇਹ ਸਿਖਲਾਈ ਪ੍ਰੋਗਰਾਮ ਵਿਚ ਚੀਫ਼ ਖਾਲਸਾ ਦੀਵਾਨ ਦੇ ਵੱਖ-ਵੱਖ ਸਕੂਲਾਂ ਦੇ ਸਾਰੇ ਅਧਿਆਪਕਾਂ ਦੇ ਸਿਖਲਾਈ ਕੌਸ਼ਲ ਨੂੰ ਵਧਾਉਣ ਲਈ ਕਰਵਾਏ ਜਾ ਰਹੇ ਹਨ | ਪਹਿਲੇ ਦਿਨ ਦੇ ਸਿਖਲਾਈ ਪ੍ਰੋਗਰਾਮ ਵਿਚ ਮਾਲਤੀ ਨਾਰੰਗ ਸੁਰ ਸਿੰਘ ਸਕੂਲ ਦੇ ਪਿ੍ੰਸੀਪਲ, ਹਰਪ੍ਰੀਤ ਕੌਰ ਬੈਂਸ ਤਰਨ ਤਾਰਨ ਸਕੂਲ ਦੇ ਅਕਾਦਮਿਕ ਅਧਿਕਾਰੀ ਤੇ ਫੁਲਕਾਰੀ ਸੰਸਥਾ ਦੇ ਸੰਸਥਾਪਕ ਪ੍ਰਨੀਤ ਬੱਬਰ ਰਿਸੋਰਸ ਪਰਸਨ ਸਨ | ਪ੍ਰੋਗਰਾਮ ਦੀ ਸ਼ੁਰੂਆਤ ਮੂਲ ਮੰਤਰ ਦੇ ਉਚਾਰਨ ਨਾਲ ਕੀਤੀ ਗਈ | ਚੀਫ਼ ਖਾਲਸਾ ਦੀਵਾਨ ਤਰਨ ਤਾਰਨ ਦੇ ਪਿ੍ੰਸੀਪਾਲ ਸਤਵੰਤ ਸਿੰਘ ਬੈਂਸ ਨੇ ਪ੍ਰੋਗਰਾਮ ਦੇ ਰਿਸੋਰਸ ਪਰਸਨ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ | ਇਸ ਪ੍ਰੋਗਰਾਮ ਵਿਚ ਸੁਰ ਸਿੰਘ ਸਕੂਲ ਦੇ ਪਿ੍ੰਸੀਪਲ ਮਾਲਤੀ ਨਾਰੰਗ ਨੇ ਅਧਿਆਪਕਾਂ ਨੂੰ ਤਣਾਅ ਪ੍ਰਬੰਧਨ ਦੇ ਤਰੀਕਿਆਂ ਨਾਲ ਜਾਣੂ ਕਰਵਾਇਆ | ਉਸ ਤੋਂ ਬਾਅਦ ਚੀਫ਼ ਖਾਲਸਾ ਦੀਵਾਨ ਤਰਨ ਤਾਰਨ ਦੇ ਅਕਾਦਮਿਕ ਅਧਿਕਾਰੀ ਹਰਪ੍ਰੀਤ ਕੌਰ ਬੈਂਸ ਨੇ ਵੀ ਅਧਿਆਪਕਾਂ ਦੇ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਜਿਵੇਂ ਕਿ ਵਿਦਿਆਰਥੀਆਂ ਦੀ ਜਮਾਤ ਵਿਚ ਪੜ੍ਹਾਈ ਵਿਚ ਦਿਲਚਸਪੀ ਬਣਾਈ ਰੱਖਣਾ, ਵੱਖ-ਵੱਖ ਸਿਖਲਾਈ ਗਤੀਵਿਧੀਆਂ ਵਿਚ ਸਿੱਖਣ ਦੇ ਤਰੀਕਿਆਂ ਨੂੰ ਸਮਝਣਾ, ਕਲਾਸ ਵਿਚ ਅਨੁਸ਼ਾਸਨ ਬਣਾ ਕੇ ਰੱਖਣਾ, ਵਿਦਿਆਰਥੀਆਂ ਦੀਆਂ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨਾ, ਸਿੱਖਿਆ ਖੇਤਰ ਵਿਚ ਨਵੀਆਂ ਤਕਨੀਕਾਂ ਅਤੇ ਨੀਤੀਆਂ ਨੂੰ ਸਿੱਖਣਾ ਅਤੇ ਇਕ ਦੂਜੇ ਦਾ ਸਹਿਯੋਗ ਕਰਨ ਬਾਰੇ ਜਾਣੂ ਕਰਵਾਇਆ | ਸ੍ਰੀਮਤੀ ਪ੍ਰਨੀਤ ਬੱਬਰ ਨੇ ਵੀ ਅਧਿਆਪਕਾਂ ਨੂੰ ਸਰਵਾਈਕਲ ਕੈਂਸਰ ਬਾਰੇ ਆਪਣੀ ਜਾਣਕਾਰੀ ਦਿੱਤੀ | ਇਸ ਸਿਖਲਾਈ ਪ੍ਰੋਗਰਾਮ 'ਤੇ ਚੀਫ਼ ਖਾਲਸਾ ਦੀਵਾਨ ਦੀ ਸਥਾਨਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਇੰਚਾਰਜ ਹਰਜੀਤ ਸਿੰਘ, ਸਥਾਨਕ ਕਮੇਟੀ ਦੇ ਉਪ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ, ਮੈਂਬਰ ਇੰਚਾਰਜ ਨਵਜੋਤ ਸਿੰਘ ਅਤੇ ਮੈਂਬਰ ਇੰਚਾਰਜ ਰਣਦੀਪ ਸਿੰਘ ਨੇ ਕਿਹਾ ਕਿ ਇਹ ਸਿਖਲਾਈ ਅਧਿਆਪਕਾਂ ਵਿਚ ਸਿੱਖਿਆ ਦੀ ਨਵੀਂ ਤਕਨੀਕ ਦੇ ਵਿਕਾਸ ਲਈ ਹੈ ਅਤੇ ਇਹ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ | ਪਿ੍ੰਸੀਪਾਲ ਸਤਵੰਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕੀ ਵਿਕਾਸ ਦਾ ਯੁੱਗ ਹੈ | ਅੱਜ ਦੇ ਬੱਚਿਆਂ ਨੂੰ ਉਨ੍ਹਾਂ ਦੀ ਦਿਲਚਸਪੀ ਤੇ ਸਹਿਯੋਗ ਮੁਤਾਬਕ ਸਿਖਾਉਣਾ ਬਹੁਤ ਜ਼ਰੂਰੀ ਹੈ, ਇਸ ਲਈ ਵਿਦਿਆਰਥੀਆਂ ਦੀ ਯੋਗਤਾ ਨੂੰ ਸੁਧਾਰਨ ਲਈ ਇਹੋ ਜਿਹੇ ਪ੍ਰੋਗਰਾਮ ਦਾ ਆਯੋਜਨ ਕਰਵਾਉਣਾ ਲਾਜ਼ਮੀ ਹੈ | ਇਸ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਤਰਨ ਤਾਰਨ ਦੇ ਇਲਾਵਾ ਨੌਸ਼ਿਹਰਾ ਪਨੂੰਆਂ, ਘਸੀਟਪੁਰ, ਸੁਰ ਸਿੰਘ, ਕਸੇਲ ਤੇ ਬੁਰਜ ਮਰਹਾਣਾ ਦੇ ਅਧਿਆਪਕ ਵੀ ਸ਼ਾਮਿਲ ਹੋਏ |