ਅਜਨਾਲਾ, 2 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) -ਅਜਨਾਲਾ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅਜਨਾਲਾ ਸ਼ਹਿਰ ਦੇ ਜੰਮਪਲ ਸ਼ਹੀਦ ਭਾਈ ਮਿੱਤ ਸਿੰਘ ਦੰਗਈ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ | ਸ਼ਾਮ ਸਮੇਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ ਵਲੋਂ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਪੰਥ ਪ੍ਰਸਿੱਧ ਢਾਡੀ ਗਿਆਨੀ ਜਸਵੰਤ ਸਿੰਘ ਜੋਸ਼ ਦੇ ਜਥੇ ਵਲੋਂ ਸੰਗਤਾਂ ਨੂੰ ਸ਼ਹੀਦ ਭਾਈ ਮਿੱਤ ਸਿੰਘ ਦੰਗਈ ਦੇ ਜੀਵਨ ਨਾਲ ਸੰਬੰਧਿਤ ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰਦਿਆਂ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਅਜਨਾਲਾ ਸ਼ਹਿਰ ਦੇ ਜੰਮਪਲ ਤੇ ਇੱਥੋਂ ਦੇ ਲੋਕਾਂ ਨਾਲ ਗੂੜਾ ਪਿਆਰ ਰੱਖਣ ਵਾਲੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਮਲਕੀਤ ਸਿੰਘ ਅਜਨਾਲਾ ਅਤੇ ਨਿੱਝਰ ਮਹਾਂ ਸਭਾ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ ਨਿੱਝਰ ਵਲੋਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਪ੍ਰਚਾਰਕ ਭਾਈ ਬਲਕਾਰ ਸਿੰਘ ਸੂਰੇਪੁਰ ਅਤੇ ਢਾਡੀ ਗਿਆਨੀ ਜਸਵੰਤ ਸਿੰਘ ਜੋਸ਼ ਦੇ ਜਥੇ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰ ਗੁਰਦੇਵ ਸਿੰਘ ਨਿੱਝਰ, ਕੁਲਦੀਪ ਸਿੰਘ ਨਿੱਝਰ, ਹਰਪ੍ਰੀਤ ਸਿੰਘ ਨਿੱਝਰ, ਮੰਗਲ ਸਿੰਘ ਨਿੱਝਰ, ਸੁੱਚਾ ਸਿੰਘ ਨਿੱਝਰ, ਲਖਵਿੰਦਰ ਸਿੰਘ ਨਿੱਝਰ, ਡਾ. ਜਸਵਿੰਦਰ ਸਿੰਘ, ਕੇਵਲ ਸਿੰਘ ਬਾਠ, ਜੋਗਿੰਦਰ ਸਿੰਘ ਬਾਜਵਾ, ਬਲਜੀਤ ਸਿੰਘ, ਕਾਬਲ ਸਿੰਘ ਨਿੱਝਰ, ਕਸ਼ਮੀਰ ਸਿੰਘ, ਗ੍ਰੰਥੀ ਬਾਬਾ ਗੁਰਜੀਤ ਸਿੰਘ, ਨੰਬਰਦਾਰ ਦਿਲਬਾਗ ਸਿੰਘ, ਡਾ. ਜਸਬੀਰ ਸਿੰਘ, ਹਰਪ੍ਰੀਤ ਸਿੰਘ ਪੀਤਾ, ਕੁਲਵੰਤ ਸਿੰਘ, ਸੁਖਬੀਰ ਸਿੰਘ ਗਿੱਲ, ਹਰਜੀਤ ਸਿੰਘ ਵਾਹਲਾ, ਸਤਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਭੰਗੂ, ਮਾਸਟਰ ਸੁਖਵਿੰਦਰ ਸਿੰਘ ਅਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ |