ਪ੍ਰਾਈਵੇਟ ਕੰਪਨੀ ਦੇ ਕਰਿੰਦੇ ਪਾਸੋਂ ਲੁਟੇਰਿਆਂ ਨੇ ਕੀਤੀ ਲੁੱਟ-ਖੋਹ
ਅਜੀਤ ਡੈਸਕ
05-06-2025
ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਪਾਸੋਂ ਮੋਬਾਈਲ ਫ਼ੋਨ ਅਤੇ ਪੈਸਿਆਂ ਦੀ ਲੁੱਟ-ਖੋਹ ਕਰਨ ਵਾਲੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਝਬਾਲ ਵਿਖੇ ਗੁਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਲੋਪੋਕੇ ਜ਼ਿਲ੍ਹਾ ਅੰਮਿ੍ਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕ੍ਰੈਡਿਟ ਕੇਅਰ ਨੈਟ ਵਰਕਿੰਗ ਲਿਮਟਿਡ ਕੰਪਨੀ ਵਿਚ ਕਿਸ਼ਤਾਂ/ਕੈਸ਼ ਇੱਕਠਾ ਕਰਨ ਦਾ ਕੰਮ ਕਰਦਾ ਹੈ | ਉਹ ਆਪਣੇ ਮੋਟਰਸਾਈਕਲ 'ਤੇ ਪੰਜਵੜ ਤੋੋਂ ਕਿਸ਼ਤਾਂ ਇੱਕਠਾ ਕਰਕੇ ਪਿੰਡ ਭੋਜੜਾ ਵਾਲਾ ਤੋਂ ਝਬਾਲ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਭੋਜੜਾ ਵਾਲਾ ਨੇੜੇ ਨਾਖ਼ਾ ਦਾ ਬਾਗ ਨਜ਼ਦੀਕ ਤਿੰਨ ਅਣਪਛਾਤੇ ਵਿਅਕਤੀ ਖ਼ੜੇ ਸਨ, ਜਿਨ੍ਹਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਪਾਸੋਂ ਇਕ ਮੋਬਾਈਲ ਫੋਨ ਤੋਂ ਇਲਾਵਾ 3500 ਰੁਪਏ ਦੀ ਨਗਦੀ ਖੋਹ ਲਈ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |