ਪੱਟੀ, 3 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਕੈਨੇਡਾ ਗੁਰਮਤਿ ਪ੍ਰਚਾਰ ਫੇਰੀ ਦੇ ਸਮੂਹ ਪ੍ਰੋਗਰਾਮ ਰੱਦ ਕਰਕੇ ਪੰਜਾਬ ਦੀ ਧਰਤੀ 'ਤੇ ਬੁੱਧਵਾਰ ਨੂੰ ਸਵੇਰੇ 6 ਵਜੇ ਸਰਹਾਲੀ ਸਾਹਿਬ ਪਹੁੰਚੇ | ਸ਼ਾਮ 4 ਵਜੇ ਬਾਬਾ ਜੀ ਸੰਗਤ ਦੀ ਬੇਨਤੀ 'ਤੇ ਸਭ ਤੋਂ ਪਹਿਲਾਂ ਪਿੰਡ ਮੁੱਠਿਆਂਵਾਲਾ ਪਹੁੰਚੇ, ਜਿੱਥੇ ਕਾਫੀ ਦਿਨਾਂ ਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਸੇਵਾ ਕਾਰਜ ਚੱਲ ਰਿਹਾ ਸੀ | ਮੁੱਠਿਆਂਵਾਲਾ ਪਹੁੰਚ ਕੇ ਸੰਤ ਬਾਬਾ ਸੁੱਖਾ ਸਿੰਘ ਨੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਸੰਗਤਾਂ ਵਿਚ ਖੁੱਲ੍ਹਾ ਕੇਲਿਆਂ ਦਾ ਪ੍ਰਸ਼ਾਦਿ ਵਰਤਾਇਆ ਗਿਆ | ਅਰਦਾਸ ਉਪਰੰਤ ਸੰਗਤ ਵਿਚ ਬੋਲਦਿਆਂ ਸਰਪੰਚ ਰਣਜੀਤ ਸਿੰਘ (ਝੁੱਗੀਆਂ ਨੱਥਾ ਸਿੰਘ) ਨੇ ਆਖਿਆ ਕਿ ਸੰਤ ਬਾਬਾ ਸੁੱਖਾ ਸਿੰਘ ਇੱਥੇ ਪਹੁੰਚਣ ਨਾਲ ਸਾਡੇ ਹੌਸਲੇ ਬੁਲੰਦ ਹੋ ਗਏ ਹਨ | ਇਸ ਮੌਕੇ ਸੰਗਤ ਨੇ ਆਖਿਆ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਜਿੱਥੇ ਜਿੱਥੇ ਮਹਾਂਪੁਰਖਾਂ ਦੇ ਚਰਨ ਪੈ ਜਾਣ, ਉੱਥੇ ਕੋਈ ਬਿਪਤਾ ਨਹੀਂ ਆ ਸਕਦੀ | ਹੁਣ ਇਹ ਬੰਨ੍ਹ ਮਹਾਂਪੁਰਖਾਂ ਦੇ ਆਸ਼ੀਰਵਾਦ ਸਦਕਾ ਪੂਰੀ ਤਰ੍ਹਾਂ ਪੱਕਾ ਹੋ ਜਾਵੇਗਾ | ਇਸ ਮੌਕੇ ਪਿੰਡ ਮੁੱਠਿਆਂਵਾਲਾ ਸਮੇਤ ਪਿੰਡ ਝੁੱਗੀਆਂ ਨੱਥਾ ਸਿੰਘ, ਗਦਾਈਕੇ, ਭਾਉਵਾਲ, ਅਤੇ ਝੁੱਗੀਆਂ ਰਾਧਲਕੇ ਦੀ ਸੰਗਤ ਵੀ ਹਾਜ਼ਰ ਸੀ | ਬਾਬਾ ਸੁੱਖਾ ਸਿੰਘ ਨੇ ਸਮੂਹ ਨਗਰਾਂ ਦੀ ਸੰਗਤ ਨੂੰ ਚੜ੍ਹਦੀ ਕਲਾ ਵਿਚ ਰਹਿਣ ਲਈ ਆਖਿਆ ਅਤੇ ਭਰੋਸਾ ਦਿਵਾਇਆ ਕਿ ਸੰਪਰਦਾਇ ਵਲੋਂ ਸੰਗਤ ਨੂੰ ਹਰੇਕ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਅਰਦਾਸ ਉਪਰੰਤ ਬਾਬਾ ਸੁੱਖਾ ਸਿੰਘ ਸੰਗਤਾਂ ਨਾਲ ਸੇਵਾ ਕਰਨ ਵਿਚ ਜੁਟ ਗਏ | ਇਸ ਮੌਕੇ ਸੰਗਤ ਵਿਚ ਬਾਬਾ ਅੰਗਰੇਜ ਸਿੰਘ ਗੁਰਦੁਆਰਾ ਗੁਪਤਸਰ ਸਾਹਿਬ, ਅੰਗਰੇਜ ਸਿੰਘ ਸਰਪੰਚ ਮੁੱਠਿਆਂਵਾਲਾ, ਸਰਪੰਚ ਰਣਜੀਤ ਸਿੰਘ ਝੁੱਗੀਆਂ ਨੱਥਾ ਸਿੰਘ, ਅੰਗਰੇਜ਼ ਸਿੰਘ ਭੰਗਾਲਾ, ਜਥੇਦਾਰ ਮਿਲਖਾ ਸਿੰਘ ਮਨਿਹਾਲਾ, ਜਥੇਦਾਰ ਸੁਰ ਸਿੰਘ, ਸਾਹਿਬ ਸਿੰਘ ਭੰਗਾਲਾ, ਪ੍ਰਗਟ ਸਿੰਘ ਮੁੱਠਿਆਂਵਾਲਾ, ਜਥੇਦਾਰ ਹਰਪਾਲ ਸਿੰਘ ਕੋਟ ਬੁੱਢਾ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |