ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)- ਹਰੀਕੇ ਹਥਾੜ ਖੇਤਰ ਦੇ ਪਿੰਡਾਂ ਵਿਚ ਹਾਲਾਤ ਬਦ ਤੋਂ ਬਦਤਰ ਹਨ ਲੋਕ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਇੰਨ੍ਹਾਂ ਪਰਿਵਾਰਾਂ ਦੀ ਮਦਦ ਲਈ ਐੱਨ.ਆਰ. ਆਈ ਵੀਰ ਅੱਗੇ ਆਏ ਹਨ | ਪਿੰਡ ਵਸਤੀ ਲਾਲ ਸਿੰਘ ਪਿੰਡ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਐੱਨ.ਆਰ.ਆਈ ਵੀਰਾਂ ਨੇ ਪਸ਼ੂਆਂ ਲਈ ਫੀਡ, ਚੋਕਰ ਵਗੈਰਾ ਭੇਜਿਆ ਅਤੇ ਹੋਰ ਮਦਦ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਕਿਸਾਨ ਲਖਵਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਅਵਤਾਰ ਸਿੰਘ ਅਤੇ ਬੀਬੀ ਹਰਜੀਤ ਕੌਰ ਆਦਿ ਨੇ ਕਿਹਾ ਕਿ ਸਾਡੀ ਫ਼ਸਲ ਪੂਰੀ ਤਰ੍ਹਾਂ ਹੜਾਂ ਦੀ ਭੇਂਟ ਚੜ੍ਹ ਚੁੱਕੀ ਹੈ ਜ਼ਮੀਨਾਂ ਵਿਚ 10 ਤੋਂ 15 ਫੁੱਟ ਤੱਕ ਪਾਣੀ ਭਰ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੀ ਝੋਨਾ, ਕਮਾਦ, ਅਤੇ ਪਸ਼ੂਆਂ ਦਾ ਚਾਰਾ ਸਭ ਹੜਾਂ ਦੀ ਭੇਂਟ ਚੜ੍ਹ ਗਏ ਜਿਸ ਕਾਰਨ ਸਾਡੇ ਕੋਲ ਕੁਝ ਨਹੀਂ ਬਚਿਆ | ਉਨ੍ਹਾਂ ਕਿਹਾ ਕਿ ਅੱਜ ਐੱਨ.ਆਰ.ਆਈ ਵੀਰਾਂ ਵਲੋਂ ਸਾਨੂੰ ਪਸ਼ੂਆਂ ਲਈ ਚੋਕਰ ਆਦਿ ਦੀ ਵੰਡ ਕੀਤੀ ਗਈ ਹੈ | ਅਸੀਂ ਇੰਨ੍ਹਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਇੰਨ੍ਹਾਂ ਵੀਰਾਂ ਨੇ ਔਖੇ ਸਮੇਂ ਬਾਂਹ ਫ਼ੜੀ | ਇਸ ਮੌਕੇ ਕਿਸਾਨ ਗੁਰਵੇਲ ਸਿੰਘ ਚੱਕੀ ਵਾਲੇ ਨੇ ਦੱਸਿਆ ਕਿ ਪਹਿਲਾਂ ਵੀ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਪਸ਼ੂਆਂ ਦੀ ਫੀਡ ਵੰਡੀ ਗਈ ਸੀ ਤੇ ਅੱਜ ਨਿਊਜ਼ੀਲੈਂਡ ਤੋਂ ਇਕ ਵੀਰ ਨੇ ਸੇਵਾ ਭੇਜੀ ਸੀ ਤੇ ਅੱਜ ਚੋਕਰ ਦੀ ਵੰਡ ਕੀਤੀ ਗਈ ਹੈ |