ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਕਸਬਾ ਹਰੀਕੇ ਪੱਤਣ ਦੁਰਗਾ ਮੰਦਰ ਦੇ ਹਾਲ ਵਿਚ ਹੋਈ | ਇਸ ਮੀਟਿੰਗ ਵਿਚ ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਜੋ ਹਾਲਤ ਹੜ੍ਹਾਂ ਨਾਲ ਬਣੇ ਹੋਏ ਹਨ | ਹਜ਼ਾਰਾਂ ਪਿੰਡ ਪਾਣੀ ਦੀ ਮਾਰ ਹੇਠ ਹਨ, ਲੱਖਾਂ ਏਕੜ ਫ਼ਸਲ ਤਬਾਹ ਹੋ ਗਈ | ਜਾਨੀ, ਮਾਲੀ ਨੁਕਸਾਨ ਹੋਇਆ ਪਸ਼ੂ ਧਨ ਮਾਰਿਆ ਗਿਆ, ਉਨ੍ਹਾਂ ਸਾਰੇ ਹਾਲਾਤਾਂ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚੇ ਗ਼ੈਰ ਰਾਜਨੀਤਕ ਦੀ ਅੱਜ ਮੀਟਿੰਗ ਹੋਈ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਬਿਪਤਾ ਬਹੁਤ ਵੱਡੀ ਹੈ ਤੇ ਪੰਜਾਬ ਹਰ ਸਮੇਂ ਦੇਸ਼ ਨਾਲ ਖੜਦਾ ਹੈ ਤੇ ਅੱਜ ਸਾਰਾ ਦੇਸ਼ ਵੀ ਪੰਜਾਬ ਨਾਲ ਖੜਾ ਹੋਇਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਅਤੇ ਨੇੜ੍ਹਲੇ ਲੱਗਦੇ ਘੱਗਰ ਦਰਿਆ ਹਰਿਆਣਾ ਵਿਚ ਸਰਕਾਰਾਂ ਦੇ ਅਵੇਸਲੇਪਨ ਕਾਰਨ ਸਹੀ ਢੰਗ ਨਾਲ ਪਾਣੀ ਨਾ ਰਿਲੀਜ਼ ਕਰਨ ਅਤੇ ਬਾਰਿਸ਼ਾਂ ਦੇ ਕਹਿਰ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਅਤੇ 2023 ਵਿਚ ਭਾਰਤ ਸਰਕਾਰ ਵਲੋਂ 6800 ਰੁਪਏ ਵੀ ਸਹੀ ਢੰਗ ਨਾਲ ਤਕਸੀਮ ਨਹੀਂ ਕੀਤੇ ਅਤੇ ਪਸ਼ੂਆਂ ਨੂੰ ਲੈਪੀਂਸਕਿਨ ਅਤੇ ਝੋਨੇ ਨੂੰ ਚਾਈਨਾ ਵਾਇਰਸ ਦਾ ਵੀ ਮੁਆਵਜ਼ਾ ਨਹੀਂ ਮਿਲਿਆ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਵਾਰ ਲੋਕਾਂ ਦੀ ਜਾਨ-ਮਾਲ ਦੀ 100 ਪ੍ਰਤੀਸ਼ਤ ਭਰਪਾਈ ਕਰੇ | ਉਨ੍ਹਾਂ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਦੇ ਕੇਂਦਰੀ ਮੰਤਰੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ, ਪਰ ਮੋਦੀ ਸਰਕਾਰ ਨੇ ਅਜੇ ਤੱਕ ਚੁੱਪ ਵੱਟੀ ਹੋਈ ਹੈ ਅਤੇ ਅਜੇ ਤੱਕ ਹੜ੍ਹਾਂ ਲਈ ਰਾਹਤ ਸਮੱਗਰੀ ਦੀ ਕੋਈ ਗੱਲ ਨਹੀਂ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੱਦੇ ਨੂੰ ਲੈ ਕੇ 15 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਕਾਰਜ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ, ਐਨ.ਆਰ.ਆਈ. ਵੀਰਾਂ ਤੇ ਵੱਖ-ਵੱਖ ਸੂਬਿਆਂ ਤੋਂ ਆ ਰਹੇ ਸਹਿਯੋਗੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹ ਔਖੇ ਸਮੇਂ ਵਿਚ ਹੜ੍ਹ ਪੀੜਤਾਂ ਦੀ ਬਾਂਹ ਫੜ ਰਹੇ ਹਨ | ਇਸ ਮੌਕੇ ਵਿਚ ਬੀ.ਕੇ.ਈ. ਲਖਵਿੰਦਰ ਸਿੰਘ ਸਿਰਸਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਸੁਖਜੀਤ ਸਿੰਘ ਹਰਦੋ ਝੰਡੇ, ਸ਼ੇਰ-ਏ-ਪੰਜਾਬ ਗੁਰਵਿੰਦਰ ਸਿੰਘ ਭੰਗੂ, ਭਾਰਤੀ ਕਿਸਾਨ ਯੂਨੀਅਨ ਸੁਖਜਿੰਦਰ ਸਿੰਘ ਖੋਸਾ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਬਚਿੱਤਰ ਸਿੰਘ ਕੋਟਲਾ, ਭਾਰਤੀ ਕਿਸਾਨ ਯੂਨੀਅਨ ਮੁਝੈਲ ਸਤਨਾਮ ਸਿੰਘ ਗੁਰਸੇਵਕ ਸਿੰਘ ਧਾਲੀਵਾਲ, ਗੁਰਸਾਹਿਬ ਸਿੰਘ ਚਾਟੀਵਿੰਡ, ਸਾਹਿਬ ਸਿੰਘ ਸਭਰਾ, ਸੁੱਚਾ ਸਿੰਘ ਲੱਧੂ, ਸੁਖਵੰਤ ਸਿੰਘ ਦੁਬਲੀ, ਰਣਜੀਤ ਸਿੰਘ ਜਲੰਧਰ, ਜੋਗਿੰਦਰ ਸਿੰਘ ਗੱਟੀ, ਧਰਮ ਸਿੰਘ, ਦਲਜੀਤ ਸਿੰਘ ਹਰੀਕੇ, ਸਿਕੰਦਰਪਾਲ ਨੱਥੂਪੁਰ ਅਤੇ ਅਮਰਿੰਦਰ ਸਿੰਘ ਸੰਢੋਰੀਆ ਆਦਿ ਹਾਜ਼ਰ ਸਨ |