ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)- ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਮੋਹਰੀ ਰੋਲ ਅਦਾ ਕਰ ਰਹੀ ਹੈ | ਜਿੱਥੇ ਵੀ ਬੰਨ੍ਹ ਨੂੰ ਢਾਹ ਲੱਗੀ ਇਕ ਸੁਨੇਹਾ ਮਿਲਣ 'ਤੇ ਹੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰਾਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਭਾਵੇਂ ਪਾਣੀ ਦੇ ਤੇਜ਼ ਵਹਾਅ ਵਿਚ 10 ਫੁੱਟ ਜਾਂ 20 ਫੁੱਟ ਪਾਣੀ ਡੂੰਘਾ ਹੋਵੇ ਪਰ ਸੇਵਾਦਾਰਾਂ ਨੇ ਬੇਖੌਫ਼ ਹੋ ਕੇ ਇਸ ਸੇਵਾ ਕਾਰਜ ਦੇ ਮਿਸ਼ਨ ਨੂੰ ਸਿਰੇ ਚੜ੍ਹਾਇਆ | ਸੰਨ 2023 ਵਿਚ ਆਏ ਹੜ੍ਹਾਂ ਦੌਰਾਨ ਜੋ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਸੇਵਾ ਕਾਰਜ ਕੀਤੇ ਗਏ ਸਨ, ਉਹ ਲੋਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡ ਗਏ ਸਨ ਪਰ ਹੁਣ ਫਿਰ 2025 ਵਿਚ ਹੜ੍ਹਾਂ ਦੇ ਬਦਤਰ ਹਾਲਾਤਾਂ ਵਿਚ ਵੀ ਸੇਵਾ ਕਾਰਜ ਨਿਰੰਤਰ ਜਾਰੀ ਰੱਖੇ | ਬੇਸ਼ੱਕ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਇਸ ਦੌਰਾਨ ਵਿਦੇਸ਼ ਕੈਨੇਡਾ ਵਿਚ ਗੁਰਮਤਿ ਪ੍ਰਚਾਰ ਫੇਰੀ 'ਤੇ ਸਨ ਪਰ ਉਨ੍ਹਾਂ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਦਾ ਦਰਦ ਉਧਰ ਵੀ ਸਤਾ ਰਿਹਾ ਸੀ ਤੇ ਭਾਵੇਂ ਉਹ ਜ਼ਿਲ੍ਹਾ ਤਰਨ ਤਾਰਨ ਹਰੀਕੇ ਹਥਾੜ ਖੇਤਰ ਦੇ ਪਿੰਡ ਸਭਰਾ, ਘੜੁੰਮ , ਗੱਟੀ ਹਰੀਕੇ ਆਦਿ ਹੋਣ ਜਾਂ ਜ਼ਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ, ਬਾਊਪੁਰ, ਅਜਨਾਲਾ ਆਦਿ ਜਿੱਥੇ ਵੀ ਹੜ੍ਹਾਂ ਦੀ ਬਿਪਤਾ ਬਣੀ ਉੱਥੇ ਚੱਲ ਰਹੇ ਸੇਵਾ ਕਾਰਜਾਂ 'ਤੇ ਦਿਨ ਰਾਤ ਨਿਗਰਾਨੀ ਰੱਖੀ ਅਤੇ ਇੱਥੇ ਉੱਪ ਮੁਖੀ ਬਾਬਾ ਹਾਕਮ ਸਿੰਘ ਨੇ ਗਰਾਊਾਡ ਜ਼ੀਰੋ 'ਤੇ ਮੋਰਚਾ ਸਾਂਭੀ ਰੱਖਿਆ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰਾਂ ਅਤੇ ਸੇਵਾਦਾਰਾਂ ਨੇ ਨਾ ਦਿਨ ਵੇਖਿਆ ਤਾਂ ਨਾ ਰਾਤ ਬੱਸ ਇੱਕੋ ਮਿਸ਼ਨ ਕਿ ਬੰਨ੍ਹਾਂ ਨੂੰ ਬਚਾਉਣਾ ਹੈ | ਬੇਸ਼ੱਕ ਹਰੀਕੇ ਖੇਤਰ ਵਿਚ ਇਸ ਵਾਰ 2023 ਨਾਲੋਂ ਪਾਣੀ ਵੀ ਵੱਧ ਆਇਆਂ ਤੇ ਪਾਣੀ ਦਾ ਵਹਾਅ ਬਹੁਤ ਹੀ ਤੇਜ਼ ਸੀ ਪਰ ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਮਾਝੇ ਦੇ ਜਾਂਬਾਜ਼ ਯੋਧਿਆਂ ਅਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਬੰਨ੍ਹਾਂ ਦੀ ਮਜ਼ਬੂਤੀ ਲਈ ਪੂਰੇ ਟੈਕਨੀਕਲ ਅਤੇ ਵਿਉਂਤਬੰਦੀ ਨਾਲ ਕੰਮ ਕੀਤਾ ਤਾਂ ਹੀ ਅਜੇ ਤੱਕ ਬੰਨ੍ਹ ਬਚੇ ਹੋਏ ਹਨ |