ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਮੋਬਾਈਲ ਫੋਨ ਅਤੇ ਹੋਰ ਸਾਮਾਨ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉਪਰ ਥਾਣਾ ਗੋਇੰਦਵਾਲ ਪੁਲਿਸ ਨੇ 5 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਜੇਲ੍ਹ ਦੇ ਸਹਾਕਿ ਸੁਪਰਡੈਂਟ ਮਨਜੀਤ ਸਿੰਘ ਨੇ ਥਾਣਾ ਗੋਇੰਦਵਾਲ ਵਿਖੇ ਲਿਖਤੀ ਸ਼ਿਕਾਇਤ ਕੀਤੀ ਕਿ 1 ਸਤੰਬਰ ਨੂੰ ਚੈਕਿੰਗ ਦੌਰਾਨ ਹਵਾਲਾਤੀ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਹਾ ਪਾਸੋਂ 1 ਟੱਚ ਮੋਬਾਈਲ ਫੋਨ ਸਮੇਤ ਸਿੰਮ ਬਰਾਮਦ ਹੋਈ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਨੇ ਸ਼ਿਕਾਇਤ ਕੀਤੀ ਕਿ 2 ਸਤੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਵੱਖ-ਵੱਖ ਵਾਰਡਾਂ ਵਿਚੋਂ ਹਵਾਲਾਤੀਆਂ ਮਹਾਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਦਾਉਨੇ ਖੁਰਦ, ਸੁਖਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਚੋਹਲਾ ਸਾਹਿਬ, ਗੁਰਜੰਟ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਭੈਣੀ ਮੱਟੂਆ, ਮਹਾਬੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਲਖਣਾ ਪਾਸੋਂ 7 ਕੀਪੈਡ ਮੋਬਾਈਲ ਫੋਨ, 1 ਟੱਚ ਮੋਬਾਈਲ ਫੋਨ, 6 ਸਿੰਮ, 1 ਈਅਰਪੋਡ, 1 ਚਾਰਜਰ ਬਰਾਮਦ ਕੀਤੇ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ ਕਿ ਜੇਲ੍ਹ ਦੀ ਚੈਕਿੰਗ ਦੌਰਾਨ ਵੱਖ-ਵੱਖ ਵਾਰਡਾਂ ਵਿਚੋਂ 14 ਕੀਪੈਡ, 12 ਟੱਚ ਮੋਬਾਈਲ ਫੋਨ, 9 ਸਿੰਮ, 29 ਪੈਕੇਟ ਤੰਬਾਕੂ, 11 ਪੇਕੇਟ ਸਿਗਰਟ, 12 ਹੀਟਰ ਸਪਰਿੰਗ, 4 ਹੀਟਰ ਸਪਰਿੰਗ, 6 ਮੋਬਾਈਲ ਚਾਰਜਰ, 2 ਈਅਰਫੋਨ, 1 ਅਡਾਪਟਰ, 1 ਈਅਰਪੋਡ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਨ੍ਹਾਂ ਪਾਸ ਮੋਬਾਈਲ ਫੋਨ ਕਿਸ ਤਰ੍ਹਾਂ ਪਹੁੰਚੇ |