ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)- ਪੰਜਾਬ ਅੰਦਰ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵੱਖ-ਵੱਖ ਰੂਪਾਂ ਵਿਚ ਲੋੜੀਂਦੀਆਂ ਹਨ | ਜਿੰਨ੍ਹਾਂ ਚਿਰ ਦਰਿਆਵਾਂ ਦੇ ਟੁੱਟੇ ਹੋਏ ਬੰਨ੍ਹ ਦੁਬਾਰਾ ਕਾਇਮ ਨਹੀਂ ਕੀਤੇ ਜਾਂਦੇ, ਉਨ੍ਹਾਂ ਚਿਰ ਤੱਕ ਲੋਕਾਂ ਦਾ ਜੀਵਨ ਲੀਹ 'ਤੇ ਨਹੀਂ ਚੜੇਗਾ | ਇਹ ਸ਼ਬਦ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਮੁਹਤਬਰਾਂ ਨਾਲ ਵਿਚਾਰ ਕਰਦਿਆਂ ਕਹੇ | ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਅੱਜ ਸੁਲਤਾਨਪੁਰ ਲੋਧੀ ਤਹਿਸੀਲ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਿੰਡ ਬਾਊਪੁਰ ਮੰਡ, ਆਹਲੀ ਕਲਾਂ, ਚੱਕ ਪੱਤੀ ਬਾਲੂ ਬਹਾਦਰ, ਗਿੱਦੜਪਿੰਡੀ, ਦਾਰੇਵਾਲ, ਰਮਦਾਸ ਅਤੇ ਅਜਨਾਲਾ ਦੇ ਹੜ੍ਹ ਪੀੜਤ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੌਜੂਦਾ ਜਰੂਰਤਾਂ ਬਾਰੇ ਜਾਣਿਆ | ਇਸ ਮੌਕੇ ਬਾਬਾ ਜੀ ਨੇ ਇਲਾਕਿਆਂ ਦੇ ਮੁਹਤਬਰਾਂ ਨਾਲ ਲੋੜੀਂਦੀਆਂ ਸੇਵਾਵਾਂ ਬਾਰੇ ਵਿਉਂਤਬੰਦੀ ਕੀਤੀ ਅਤੇ ਹਰੇਕ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ | ਇਸਦੇ ਨਾਲ ਹੀ ਸੰਪਰਦਾਇ ਵਲੋਂ ਪਿੰਡ ਕਾਲੇਕੇ ਹਥਾੜ ਅਤੇ ਨੇੜਲੇ ਪਿੰਡਾਂ ਦੀ ਸਹਾਇਤਾ ਲਈ ਇਕ ਕਿਸ਼ਤੀ ਭੇਜੀ ਗਈ | ਸੰਪਰਦਾਇ ਦੇ ਸੇਵਾਦਾਰਾਂ ਦੀਆਂ ਟੀਮਾਂ ਅਜਨਾਲਾ, ਰਮਦਾਸ ਅਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿਚ ਨਿਰੰਤਰ ਸੇਵਾ ਕਰ ਰਹੀ ਹੈ, ਜਿੱਥੇ ਤਿੰਨ ਅਗਨਬੋਟ ਦੀਆਂ ਸੇਵਾਵਾਂ ਦੇ ਨਾਲ ਨਾਲ ਗੁਰੂ ਕੇ ਲੰਗਰ ਨਿਰੰਤਰ ਚੱਲ ਰਹੇ ਹਨ | ਇਸ ਤੋਂ ਹਰੀਕੇ ਨੇੜੇ ਇਲਾਵਾ ਪਿੰਡ ਮਰੜ ਅਤੇ ਕਿੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਲਗਾਤਾਰ ਜਾਰੀ ਹੈ | ਸੰਤ ਬਾਬਾ ਹਾਕਮ ਸਿੰਘ ਨੇ ਅੱਜ ਪਿੰਡ ਮਰੜ ਵਿਖੇ ਸੇਵਾ ਦੀ ਦੇਖਰੇਖ ਕਰਨ ਲਈ ਪਹੁੰਚੇ | ਇਸ ਮੌਕੇ ਉਨਾਂ ਨੇ ਪਿੰਡ ਦੇ ਪਤਵੰਤਿਆਂ ਨਾਲ ਜਰੂਰੀ ਵਿਚਾਰਾਂ ਕੀਤੀਆਂ | ਪਿੰਡ ਵਾਲਿਆਂ ਵਲੋਂ ਅਪੀਲ ਕੀਤੀ ਗਈ ਕਿ ਮਿੱਟੀ ਦੀ ਸੇਵਾ ਲੈ ਕੇ ਆਉਣ ਵਾਲੇ ਟਰੈਕਟਰ-ਟਰਾਲੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਮਿੱਟੀ ਬੋਰਿਆਂ ਵਿਚ ਭਰ ਕੇ ਲਿਆਂਦੀ ਜਾਵੇ, ਕਿਉਂਕਿ ਮਿੱਟੀ ਉਤਾਰਨ ਲਈ ਬੰਨ੍ਹ ਦੇ ਨੇੜੇ ਜਿਆਦਾ ਖਾਲੀ ਜਗ੍ਹਾ ਨਹੀਂ ਹੈ | ਭਰੇ ਹੋਏ ਬੋਰੇ ਤੁਰੰਤ ਹੀ ਕਰੇਟ ਵਿਚ ਭਰ ਕੇ ਬੰਨ੍ਹ ਉਤੇ ਟਿਕਾਅ ਦਿੱਤੇ ਜਾਂਦੇ ਹਨ |