ਤਰਨ ਤਾਰਨ, 24 ਸਤੰਬਰ (ਇਕਬਾਲ ਸਿੰਘ ਸੋਢੀ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਜਨਗਨਣਾ ਦੀ ਤਿਆਰੀ ਸਬੰਧੀ ਵਿਸੇਸ਼ ਮੀਟਿੰਗ ਹੋਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐੱਸ.ਡੀ.ਐੱਮ.ਪੱਟੀ ਪ੍ਰੀਤਇੰਦਰ ਸਿੰਘ, ਸਹਾਇਕ ਕਮਿਸ਼ਨਰ ਡਾ. ਕਰਨਵੀਰ ਸਿੰਘ, ਉਪ ਅਰਥ ਅਤੇ ਅੰਕੜਾਂ ਸਲਾਹਕਾਰ ਡਾ. ਅਮਨਦੀਪ ਸਿੰਘ ਅਤੇ ਜਨਗਣਨਾ ਵਿਭਾਗ ਦੇ ਪ੍ਰਤੀਨਿਧ ਅਰਵਿੰਦ ਨੇਗੀ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਦਫਤਰ ਉਪ ਅਰਥ ਅਤੇ ਅੰਕੜਾਂ ਸਲਾਹਕਾਰ ਵਿਖੇ ਤੁਰੰਤ ਪ੍ਰਭਾਵ ਨਾਲ ਜ਼ਿਲ੍ਹਾ ਪੱਧਰੀ ਜਨਗਣਨਾ ਸੈਲ ਸਥਾਪਤ ਕਰਨ ਦੇ ਆਦੇਸ਼ ਦਿੱਤੇ ਗਏ, ਜਿਸ ਦੇ ਨੋਡਲ ਅਫਸਰ ਰਾਜਦੀਪ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਇੰਚਾਰਜ ਡਾ. ਅਮਨਦੀਪ ਸਿੰਘ ਉਪ ਅਰਥ ਅਤੇ ਅੰਕੜਾਂ ਸਲਾਹਕਾਰ, ਸਹਾਇਕ ਵਿਨੋਦ ਬੇਰੀ ਏ.ਆਰ.ੳ. ਹੋਣਗੇ | ਇਸ ਦੌਰਾਨ ਉਹਨਾਂ ਹਦਾਇਤ ਕੀਤੀ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਬਿਹਤਰ ਤਾਲਮੇਲ ਲਈ ਤੁਰੰਤ ਵੱਟਸ ਐਪ ਗਰੁੱਪ ਬਣਾਉਣ ਤਾਂ ਜੋ ਲੋੜੀਂਦੀ ਸੂਚਨਾ ਜਾਂ ਜਾਣਕਾਰੀ ਇਕ-ਦੂਜੇ ਨਾਲ ਸਾਂਝੀ ਕੀਤੀ ਜਾ ਸਕੇ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਮੂਹ ਉਪ ਮੰਡਲ ਮੈਜਿਸਟਰੇਟਸ ਨੂੰ ਅਦੇਸ਼ ਕੀਤੇ ਗਏ ਕਿ ਆਪਣੇ ਅਧਿਕਾਰ ਖੇਤਰ ਅੰਦਰ ਸਪੈਸ਼ਲ ਚਾਰਜ ਏਰੀਆ ਜਿਵਾੇ ਕਿ ਬੀ.ਐੱਸ.ਐੱਫ, ਪੁਲਿਸ ਲਾਈਨ, ਜੇਲਾਂ ਆਦਿ ਦੀ ਸ਼ਨਾਖਤ ਕਰਕੇ ਰਿਪੋਰਟ ਇਕ ਹਫਤੇ ਦੇ ਅੰਦਰ-ਅੰਦਰ ਭੇਜੀ ਜਾਵੇ |