ਪੱਟੀ, 28 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਇਨਕਲਾਬ ਜ਼ਿੰਦਾਬਾਦ ਗਰੁੱਪ ਪੱਟੀ ਵਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਵਸ ਮੌਕੇ 'ਤੇ ਇਕ ਪ੍ਰਭਾਵਸ਼ਾਲੀ ਸਮਾਗਮ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਵਿਖੇ ਕਰਵਾਇਆ ਗਿਆ | ਇਸ ਮੌਕੇ 'ਤੇ ਸਰਦਾਰ ਭਗਤ ਸਿੰਘ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ | ਇਸ ਸਮਾਗਮ ਵਿਚ ਵੱਖ-ਵੱਖ ਰਾਮਲੀਲਾ ਕਲੱਬਾ ਦੇ ਮੈਂਬਰਾਂ ਅਤੇ ਜੈ ਮਾਂ ਚਿੰਤਪੁਰਨੀ ਮੈਨੈਜਿੰਗ ਕਮੇਟੀ ਦੇ ਮੈਂਬਰਾਂ ਨੇ ਅਤੇ ਸਮਾਜ ਸੇਵੀਂ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ | ਸਰਦਾਰ ਭਗਤ ਸਿੰਘ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਮਾ. ਸੁਖਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਕਿ ਛੋਟੀ ਉਮਰੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਆਪਣਾ ਅਹਿੰਮ ਰੋਲ ਅਦਾ ਕੀਤਾ | ਉਨ੍ਹਾਂ ਭਗਤ ਸਿੰਘ ਜੀ ਜੀਵਨੀ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅੱਜ ਵੀ ਨੌਜਵਾਨ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਆਪਣਾ ਆਦਰਸ਼ ਮੰਨਦੇ ਹਨ | ਅਸ਼ਵਨੀ ਕੁਮਾਰ ਕਾਲਾ ਮਹਿਤਾ ਨੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਭਗਤ ਸਿੰਘ ਅਤੇ ਸਾਥੀਆਂ ਵਲੋਂ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਗਿਆ ਅਤੇ ਫਿਰ ਅਸੈਂਬਲੀ ਵਿਚ ਬੰਬ ਸੁੱਟ ਕੇ ਸੁੱਤੀ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਆਪਣੇ ਦੇਸ਼ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਲਵ ਖਜ਼ਾਨਚੀ ਬਾਰ ਐਸੋਸੀਏਸ਼ਨ ਪੱਟੀ ਨੇ ਕਿਹਾ ਕਿ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾਉਣ ਵਿਚ ਭਗਤ ਸਿੰਘ ਉਨ੍ਹਾਂ ਦੇ ਸਾਥੀ ਰਾਜਗੁਰੂ, ਸੁਖਦੇਵ ਦਾ ਵੱਡਾ ਯੋਗਦਾਨ ਸੀ | ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਭਗਤ ਸਿੰਘ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਅਤੇ ਦੇਸ਼ ਨੂੰ ਖ਼ੁਸ਼ਹਾਲ ਅਤੇ ਤਰੱਕੀਸ਼ੁਦਾ ਬਣਾਇਆ ਜਾ ਸਕੇ | ਇਸ ਮੌਕੇ ਬੱਲੂ ਮਹਿਤਾ ਪ੍ਰਧਾਨ, ਤਰਸੇਮ ਲਾਲ ਰਾਜੂ ਭੱਲਾ ਚੇਅਰਮੈਨ, ਸੁਰਿੰਦਰ ਕੁਮਾਰ, ਰਾਜ ਕੁਮਾਰ ਰਾਜਾ ਪ੍ਰਧਾਨ ਦੀ ਵਾਲਮੀਕਿ ਸੰਗੀਤ ਰਾਮ ਲੀਲਾ ਕਲੱਬ ਪੱਟੀ, ਵਿਜੇ ਸ਼ਰਮਾ ਪ੍ਰਧਾਨ ਦੀ ਯੰਗਮੈਨ ਰਾਮਾ ਕਿ੍ਸ਼ਨਾ ਕਲੱਬ ਪੱਟੀ, ਰਾਕੇਸ ਪਾਠਕ ਪ੍ਰਧਾਨ, ਰਾਜੇਸ਼ ਮਿੰਟਾ ਪ੍ਰਧਾਨ ਨੀਲ ਕਮਲ ਰਾਮ ਲੀਲਾ ਸ਼ੋਸਲ ਵੈਲਫੇਅਰ ਕਲੱਬ, ਡਾ. ਦੇਸ ਰਾਜ ਬਧਵਾਰ, ਚੰਦਰ ਮੋਹਨ ਤੇਜੀ, ਰਕੇਸ਼ ਕੁਮਾਰ ਟੋਨੀ, ਰਮਨ ਸ਼ਰਮਾ, ਗੌਰਵ ਗਿਰੀ, ਗੁਰਸੇਵਕ ਸਿੰਘ, ਅਮਨੀਸ਼ ਬੱਤਰਾ, ਕੇ.ਕੇ. ਬਿੱਟੂ, ਲੱਕੀ ਪੰਡਿਤ ਆਦਿ ਹਾਜ਼ਰ ਸਨ |