ਜੰਡਿਆਲਾ ਗੁਰੂ, 28 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਗੁੰਨੋਵਾਲ ਹਵੇਲੀਆਂ (ਬੰਡਾਲਾ) ਦੇ ਇੱਕ ਨੌਜਵਾਨ ਦੇ ਪੜ੍ਹਨ ਜਾਣ ਉਪਰੰਤ 6 ਦਿਨ ਬੀਤਣ 'ਤੇ ਵੀ ਘਰ ਨਾ ਪਰਤਣ 'ਤੇ ਅਤੇ ਕੁਝ ਥਹੁ ਪਤਾ ਨਾ ਲੱਗਣ 'ਤੇ ਪਰਿਵਾਰ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਅਗਵਾ ਕੀਤੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ | ਸੇਵਾ ਮੁਕਤ ਫੌਜੀ ਲਖਵਿੰਦਰ ਸਿੰਘ ਵਾਸੀ ਗੁੰਨੋਵਾਲ ਹਵੇਲੀਆਂ (ਬੰਡਾਲਾ) ਨੇ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਪ੍ਰੀਤ ਸਿੰਘ (17 ) ਜੋ ਕਿ +2 ਵਿਚ ਨਿਸ਼ਾਨੇ ਸਿੱਖੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਪੜ੍ਹਦਾ ਸੀ ਜੋ ਕਿ ਨਾਲ 23 ਸਤੰਬਰ ਨੂੰ ਘਰੋਂ ਪੇਪਰ ਦੇਣ ਲਈ ਸਵੇਰੇ 7 ਵਜੇ ਆਪਣੀ ਸਕੂਟਰੀ ਨੰਬਰ ਪੀ ਬੀ 02 ਸੀ ਐਮ 3736 'ਤੇ ਸਵਾਰ ਹੋ ਕੇ ਗਿਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ਾਮ ਤੱਕ ਘਰ ਨਹੀਂ ਪੁੱਜਾ ਤੇ ਉਸ ਦੀ ਸਕੂਟਰੀ ਬੰਡਾਲਾ ਨੋਨੇ ਪੁਲ ਨੇੜੇ ਦੁਕਾਨ 'ਤੇ ਖੜੀ ਮਿਲੀ ਹੈ | ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਬਹੁਤ ਭਾਲ ਕੀਤੀ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਹੋਰਨਾਂ ਥਾਵਾਂ 'ਤੇ ਪਤਾ ਕੀਤਾ ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ | ਲਾਪਤਾ ਹੋਏ ਲੜਕੇ ਸਾਹਿਲ ਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਲਖਵਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਕੇ ਕਿਧਰੇ ਲਿਜਾਇਆ ਗਿਆ ਹੈ | ਲਖਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਆਪਣੇ ਲੜਕੇ ਸਾਹਿਲ ਪ੍ਰੀਤ ਸਿੰਘ ਦੀ ਭਾਲ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ | ਨੌਜਵਾਨ ਸਾਹਿਲ ਪ੍ਰੀਤ ਸਿੰਘ ਦੇ ਲਾਪਤਾ ਹੋਣ ਤੇ 6 ਦਿਨ ਬੀਤਣ ਤੇ ਵੀ ਕੋਈ ਪਤਾ ਨਾ ਲੱਗਣ ਤੇ ਉਸਦੇ ਪਰਿਵਾਰ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਫਿਰ ਉਸਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ |