ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)-ਈ.ਟੀ.ਟੀ .ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (6505) ਜੈ ਸਿੰਘ ਵਾਲਾ ਵਲੋਂ ਹਲਕਾ ਤਰਨ ਤਾਰਨ ਸ਼ਹਿਰ ਵਿਖੇ ਸਰਕਾਰ ਦੇ ਵਿਰੁੱਧ ਇਕ ਭੰਡੀ ਪ੍ਰਚਾਰ, ਪੋਲ ਖੋਲ ਰੈਲੀ ਕੱਢੀ ਗਈ | ਇਸ ਰੈਲੀ ਵਿਚ ਸਭ ਤੋਂ ਪਹਿਲਾਂ ਅਧਿਆਪਕ ਸਥਾਨਕ ਗਾਂਧੀ ਪਾਰਕ ਵਿਚ ਇਕੱਤਰ ਹੋਏ, ਜਿੱਥੇ ਅਧਿਆਪਕਾਂ ਵਲੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ | ਇਸ ਰੈਲੀ ਦੌਰਾਨ ਸ਼ਹਿਰ ਦੇ ਗਲੀਆਂ, ਬਾਜ਼ਾਰਾਂ ਵਿਚ ਜਾ ਕੇ ਸਰਕਾਰ ਦੀ ਪੋਲ ਖੋਲ੍ਹਣ ਸੰਬੰਧੀ ਪੈਂਫਲਿਟ ਵੰਡੇ ਗਏ ਅਤੇ ਕੰਧਾਂ ਉੱਪਰ ਇਸ਼ਤਿਹਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਰੈਲੀ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਨਾਲ ਲਗਾਤਾਰ ਕੀਤੀ ਜਾ ਰਹੀ ਲਾਰੇਬਾਜੀ ਦੱਸਿਆ ਗਿਆ | ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਧਰਨੇ ਵਿਚ ਆ ਕੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ 'ਤੇ ਤੁਹਾਡਾ ਮਸਲਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ, ਪਰ ਅੱਜ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਲਾਰੇਬਾਜ਼ੀ ਕਰਕੇ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ | ਇਸ ਲਾਰੇਬਾਜੀ ਤੋਂ ਦੁਖੀ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਹੋਏ ਅਧਿਆਪਕਾਂ ਨੇ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਆਮ ਜਨਤਾ ਨਾਲ ਕੀਤੀ ਜਾਂਦੀ ਲਾਰੇਬਾਜੀ ਸੰਬੰਧੀ ਜਾਗਰੂਕਤਾ ਫੈਲਾਈ ਗਈ | ਇਸ ਤੋਂ ਇਲਾਵਾ ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ 180 ਈ.ਟੀ.ਟੀ. ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸੇਵਾ ਨੂੰ ਬਿਨਾਂ ਕਿਸੇ ਕਾਰਨ ਖਤਮ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਆਪਣੀ ਰਿਪੋਰਟ ਲਿਖਤੀ ਰੂਪ ਵਿਚ ਤਿਆਰ ਕਰਕੇ ਸਾਰੀ ਗਲਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੱਢਣ ਉਪਰੰਤ ਵੀ ਵਿੱਤ ਮੰਤਰੀ ਵਲੋਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿਚ ਹਲਕੇ ਤਰਨ ਤਾਰਨ ਵਿਚ ਵੱਡੀ ਪੱਧਰ 'ਤੇ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਪਿੰਡਾਂ ਵਿਚ ਜਾ ਕੇ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ | ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਗਰੂਕ ਕੀਤਾ ਜਾਵੇਗਾ | ਇਸ ਰੈਲੀ ਵਿਚ ਸੂਬਾ ਪ੍ਰਧਾਨ ਕਮਲ ਠਾਕੁਰ, ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ, ਵਿੱਤ ਸਕੱਤਰ ਗੁਰਮੁਖ ਸਿੰਘ ਪਟਿਆਲਾ, ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਜ਼ਿਲ੍ਹਾ ਆਗੂ ਸੁਰਿੰਦਰ ਸਿੰਘ ਅਤੇ ਹੋਰ ਅਧਿਆਪਕ ਆਗੂਆਂ ਤੋਂ ਇਲਾਵਾ ਗੌਰਮਿਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਕੁਲਜੀਤ ਸਿੰਘ, ਸੁਰਜੀਤ ਸਿੰਘ, ਕਿਰਪਾਲ ਸਿੰਘ ਬਲਾਕ ਸਮਾਣਾ ਤੋਂ ਆਗੂ ਗੁਰਪ੍ਰੀਤ ਸਿੰਘ ਸਿੱਧੂ, 6505 ਯੂਨੀਅਨ ਤੋਂ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਗੁਰਦਾਸਪੁਰ, ਵਿਕਰਮਜੀਤ ਸਿੰਘ, ਅਵਤਾਰ ਸਿੰਘ ਡਲੇਕੇ, ਸੀ.ਐ?ਚ.ਟੀ., ਸੁਖਜੀਤ ਸਿੱਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ, ਸਕੱਤਰ ਫਤਹਿਚੰਦ ਪਿੰਦੀ, ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਪ੍ਰਧਾਨ ਹਰਵਿੰਦਰਜੀਤ ਸਿੰਘ ਕੰਗ, ਗੁਰਜੀਤ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕਾਂ ਸਮੇਤ ਕਿਸਾਨ ਹਾਜ਼ਰ ਸਨ |
ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਤਰਨ ਤਾਰਨ ਸ਼ਹਿਰ ਵਿਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੈਲੀ <br/>
ਅਜੀਤ ਡੈਸਕ
20-10-2025