ਤਰਨ ਤਾਰਨ, 1 ਨਵੰਬਰ (ਇਕਬਾਲ ਸਿੰਘ ਸੋਢੀ)- ਤਰਨ ਤਾਰਨ ਦੀ ਉਪ ਚੋਣ ਸਬੰਧੀ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਵਲੋਂ ਅੱਜ ਵਿਧਾਨ ਸਭਾ ਹਲਜਾ ਤਰਨ ਤਾਰਨ ਦੇ ਪੰਜਾਬ ਚਿਲਡਰਨ ਅਕੈਡਮੀ, ਗੁਰੂ ਕਿ੍ਸ਼ਨ ਪਬਲਿਕ ਸਕੂਲ, ਚੀਫ ਖ਼ਾਲਸਾ ਦੀਵਾਨ ਇੰਸਟੀਚਿਊਟ ਅਤੇ ਸ੍ਰੀ ਗੁਰੂ ਅੰਗਦ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਪਖਾਨਿਆਂ ਅਤੇ ਦਿਵਿਆਂਗ ਵੋਟਰਾਂ ਲਈ ਵਹੀਲ ਚੇਅਰਾਂ ਆਦਿ ਦੀ ਸਹੂਲਤਾਂ ਦਾ ਨਿਰੀਖਣ ਕੀਤਾ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੀਸੀਟੀਵੀ ਕੈਮਰੇ ਲਗਾ ਕੇ 100 ਫ਼ੀਸਦੀ ਪੋਲਿੰਗ ਬੂਥਾਂ ਦੀ ਵੈੱਬ ਕਾਸਟਿੰਗ ਯਕੀਨੀ ਬਣਾਈ ਜਾਵੇਗੀ | ਇਸ ਤੋਂ ਬਾਅਦ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਵਲੋਂ ਪਿੰਡ ਗੋਹਲਵੜ ਵਿਖੇ ਐੱਸ.ਐੱਸ.ਟੀ. ਟੀਮਾਂ ਵਲੋਂ ਕੀਤੀ ਜਾ ਰਹੀ ਚੈਕਿੰਗ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਐੱਸ.ਐੱਸ.ਟੀ. ਟੀਮਾਂ ਵਲੋਂ ਕੀਤੇ ਜਾ ਰਹੇ ਸੁਚੇਤ ਤੇ ਪ੍ਰਭਾਵਸ਼ਾਲੀ ਯਤਨਾਂ ਦੀ ਪ੍ਰਸ਼ੰਸਾ ਕੀਤੀ |