ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-'ਆਪ' ਸਰਕਾਰ ਹਰ ਮੋਰਚੇ 'ਤੇ ਅਸਫਲ ਰਹੀ ਹੈ | ਹਰ ਤੀਜੇ ਪਿੰਡ ਵਿਚ ਗੈਂਗਸਟਰਵਾਦ ਵਧਿਆ ਹੈ | ਇਕ ਆਜ਼ਾਦ ਦੇਸ਼ ਵਿਚ ਲੋਕ ਡਰ ਵਿਚ ਰਹਿਣ ਲਈ ਮਜ਼ਬੂਰ ਹਨ | ਕਾਂਗਰਸ ਉਮੀਦਵਾਰ ਕਰਨ ਬੁਰਜ ਨੇ ਇਹ ਸ਼ਬਦ ਵਰਕਰਾਂ ਨਾਲ ਮੀਟਿੰਗ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਸਰਕਾਰ ਬਣੀ ਹੈ, ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਜਦੋਂ ਤੋਂ ਅਕਾਲੀ ਦਲ ਅਤੇ 'ਆਪ' ਸਰਕਾਰਾਂ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ 'ਤੇ ਕਾਬਜ਼ ਹੋਏ ਹਨ, ਲੋਕ ਗੁੰਡਾਗਰਦੀ ਕਾਰਨ ਡਰ ਦੇ ਮਾਹੌਲ ਵਿਚ ਜੀਅ ਰਹੇ ਹਨ | ਜੇਕਰ ਕੋਈ ਆਪਣੀ ਆਵਾਜ਼ ਉਠਾਉਂਦਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਹਨ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ 11 ਨਵੰਬਰ ਨੂੰ ਚੁਣ ਕੇ ਉਨ੍ਹਾਂ ਨੂੰ ਵਿਧਾਨ ਸਭਾ ਭੇਜਦੇ ਹਨ ਤਾਂ ਕਾਂਗਰਸ ਸਰਕਾਰ ਦੋ ਮੁੱਖ ਮੁੱਦੇ, ਜਿੰਨਾਂ 'ਚ ਵਾਹਘਾ ਸਰਹੱਦੀ ਅੰਤਰਰਾਸ਼ਟਰੀ ਬੰਦਰਗਾਹ ਖੋਲ੍ਹ ਕੇ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਗੈਂਗਸਟਰਵਾਦ ਨੂੰ ਖਤਮ ਕਰਨਾ ਹੋਣਗੇ | ਬੁਰਜ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਇਸ ਇਲਾਕੇ ਨੂੰ ਸਿਲਕ ਰੋਡ ਵਜੋਂ ਜਾਣਿਆ ਜਾਂਦਾ ਸੀ, ਜਿਸ ਨਾਲ ਏਸ਼ੀਆ ਅਤੇ ਯੂਰਪ ਨਾਲ ਪੰਜਾਬ ਦੇ ਵਪਾਰ ਦੇ ਨਾਲ-ਨਾਲ ਭਾਰਤ ਦੇ ਦੂਜੇ ਦੇਸ਼ਾਂ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ |