ਝਬਾਲ, 6 ਦਸੰਬਰ (ਸੁਖਦੇਵ ਸਿੰਘ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਮਿਤਾ ਸੌਂਧੀ ਦੀ ਦੇਖ ਹੇਠ ਕਮਿਊਨਿਟੀ ਹੈਲਥ ਸੈਂਟਰ ਕਸੇਲ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਢੰਡ ਵਿਖੇ ਸਿਹਤ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਨਿਗਾ ਵਾਲੀਆਂ ਮੁਫ਼ਤ ਐਨਕਾਂ ਦਿੱਤੀਆਂ ਗਈਆਂ | ਅਪਥਾਲਮਿਕ ਅਫ਼ਸਰ ਬਲਵਿੰਦਰ ਸਿੰਘ ਬਾਠ ਨੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ | ਇਸ ਮੌਕੇ ਡਾ. ਅਮਿਤਾ ਸੌਂਧੀ ਨੇ ਦੱਸਿਆ ਕਿ ਅੱਖਾਂ ਦੀ ਸਾਂਭ ਸੰਭਾਲ ਸੰਬੰਧੀ ਚੱਲ ਰਹੇ ਪ੍ਰੋਗਰਾਮ ਤਹਿਤ ਕੁਝ ਸਮਾਂ ਪਹਿਲਾਂ ਸਿਹਤ ਵਿਭਾਗ ਵਲੋਂ ਸਕੂਲ 'ਚ ਅੱਖਾਂ ਦੀ ਜਾਂਚ ਲਈ ਕੈਂਪ ਲਗਾ ਕੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ | ਜਿਹੜੇ ਵਿਦਿਆਰਥੀਆਂ ਦੀ ਦਿ੍ਸ਼ਟੀ ਘੱਟ ਪਾਈ ਗਈ ਸੀ, ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਮੁਫਤ ਐਨਕਾਂ ਤਿਆਰ ਕਰਵਾ ਕੇ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਬਲਾਕ ਕਸੇਲ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਤੇ ਜਾਂਚ ਕੈਂਪ ਲਗਾਏ ਜਾਂਦੇ ਹਨ | ਇਸ ਮੌਕੇ ਸਰਕਾਰੀ ਹਾਈ ਸਕੂਲ ਢੰਡ ਵਿਖੇ ਸਿਹਤ ਵਿਭਾਗ ਵਲੋਂ 20 ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ ਬਲਾਕ ਅਜੂਕੇਟਰ ਨਵੀਨ ਕਾਲੀਆ ਅਤੇ ਅਪਥਾਲਮਿਕ ਅਫ਼ਸਰ ਬਲਵਿੰਦਰ ਸਿੰਘ ਬਾਠ ਨੇ ਵਿਦਿਆਰਥੀਆਂ ਨੂੰ ਨਜ਼ਰ ਕਾਇਮ ਰੱਖਣ ਲਈ ਲੋੜੀਂਦੀ ਕਸਰਤ ਕਰਨ ਲਈ ਕਿਹਾ | ਉਨ੍ਹਾਂ ਬੱਚਿਆਂ ਨੂੰ ਜ਼ਿਆਦਾ ਸਮਾਂ ਮੋਬਾਈਲ ਫੋਨਾਂ ਅਤੇ ਕੰਪਿਊਟਰ 'ਤੇ ਨਾ ਬਿਤਾਉਣ ਲਈ ਕਿਹਾ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਨਜ਼ਰ ਉੱਤੇ ਪੈਂਦਾ ਹੈ | ਉਨ੍ਹਾਂ ਨੇ ਨਜ਼ਰ ਨੂੰ ਕਾਇਮ ਰੱਖਣ ਲਈ ਪੋਸ਼ਟਿਕ ਭੋਜਨ ਦਾ ਸੇਵਨ ਕਰਨ ਅਤੇ ਬਜਾਰੀ ਖਾਣੇ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨ ਲਈ ਕਿਹਾ | ਇਸ ਮੌਕੇ ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਮਲਟੀਪਰਪਜ ਹੈਲਥ ਸੁਪਰਵਾਈਜ਼ਰ ਗੁਰਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਹਰਜੀਤ ਸਿੰਘ, ਗੁਰਬਿੰਦਰ ਸਿੰਘ, ਮਨਜੀਤ ਸਿੰਘ ਅਤੇ ਸਕੂਲੀ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |