ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)- ਪਿਛਲੇ ਦਿਨਾਂ ਤੋਂ ਤਰਨ ਤਾਰਨ ਸ਼ਹਿਰ 'ਚ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 2 ਮੁਲਜ਼ਮਾਂ ਨੂੰ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਕਾਬੂ ਕੀਤੇ ਨੌਜਵਾਨਾਂ ਪਾਸੋਂ ਇਕ ਖਿਡਉਣਾ ਪਿਸਤੌਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ | ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਪੀ.ਸੁਰਿੰਦਰ ਲਾਂਬਾ, ਐੱਸ.ਪੀ.(ਡੀ) ਰਿਪੁਤਾਪਨ ਵਲੋਂ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ 'ਤੇ ਕਾਬੂ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਦੇ ਮੁਖੀ ਸਬ-ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਵਿਚ ਪਿਛਲੇ ਦਿਨੀਂ ਤਰਨ ਤਾਰਨ ਸ਼ਹਿਰ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿਚ ਭੇਜੀਆਂ ਗਈਆਂ ਸਨ | ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਇੰਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ 12 ਦਸੰਬਰ ਨੂੰ ਅਨਮੋਲ ਮੈਡੀਕਲ ਸਟੋਰ ਵਿਚ ਹੋਈ ਲੁੱਟ ਅਤੇ 13 ਦਸੰਬਰ ਨੂੰ ਗੁਰੁੂ ਤੇਗ ਬਹਾਦਰ ਨਗਰ ਵਿਚ ਚੀਫ ਮੈਡੀਕਲ ਸਟੋਰ ਮਾਲਕ ਪਾਸੋਂ ਹੋਈ ਲੁੱਟ ਦੇ 2 ਮੁੱਖ ਮੁਲਜ਼ਮ ਜਿਨ੍ਹਾਂ ਵਿਚ ਰਾਹੁਲ ਕੁਮਾਰ ਉਰਫ ਬਿੱਲੀ ਪੁੱਤਰ ਸੁਰਿੰਦਰ ਸਿੰਘ ਵਾਸੀ ਗਲੀ ਮਾਤਾ ਕਾਲੀ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਵਿੰਦਰ ਸਿੰਘ ਵਾਸੀ ਗਲੀ ਲਾਡੇ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਹਨ, ਜੋ ਇਸ ਸਮੇਂ ਮੁਹੱਲਾ ਨਾਨਕਸਰ ਵਿਚ ਬਿਨਾਂ ਨੰਬਰੀ ਸਕੂਟਰੀ 'ਤੇ ਘੁੰੰੰਮ ਰਹੇ ਹਨ ਤਾਂ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਮੁਹੱਲਾ ਨਾਨਕਸਰ ਤਰਨ ਤਾਰਨ ਤੋਂ ਰਾਹੁਲ ਕੁਮਾਰ ਉਰਫ ਬਿੱਲੀ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇਕ ਖਿਡਾਉਣਾ ਪਿਸਤੌਲ, ਇਕ ਦਾਤਰ ਅਤੇ ਇਕ ਚੋਰੀਸ਼ੁਦਾ ਸਕੂਟਰੀ ਐਕਟਿਵਾ ਬਰਾਮਦ ਕਰ ਲਿਆ ਹੈ | ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਨੇ ਹੀ ਚੀਫ ਮੈਡੀਕਲ ਸਟੋਰ ਮਾਲਕ ਪਾਸੋਂ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ ਵਿਚ 8000 ਰੁਪਏ ਦੀ ਲੁੱਟ ਕੀਤੀ ਸੀ ਅਤੇ ਅਨਮੋਲ ਮੈਡੀਕਲ ਸਟੋਰ ਜੰਡਿਆਲਾ ਰੋਡ ਤੋਂ ਲੁੱਟ ਕੀਤੀ ਸੀ | ਇਸਦੇ ਨਾਲ ਹੀ ਇਨ੍ਹਾਂ ਨੇ ਇਕ ਕਰਿਆਨਾ ਸਟੋਰ ਜੰਡਿਆਲਾ ਰੋਡ ਫਾਟਕ ਤਰਨ ਤਾਰਨ ਨੇੜੇ ਦੁਕਾਨ ਵਿਚੋਂ ਲੁੱਟ ਕੀਤੀ ਸੀ ਅਤੇ ਚਾਰ ਖੰਬਾ ਚੌਂਕ ਨੇੜੇ ਤੋਂ ਇਕ ਔਰਤ ਪਾਸਾੋ ਸੋਨੇ ਦੀ ਚੈਨੀ ਖੋਹੀ ਸੀ ਅਤੇ ਇਸਦੇ ਨਾਲ ਹੀ ਗੁਰੂਦੁਆਰਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇੜਿਉ ਝਬਾਲ ਰੋਡ ਤੋਂ ਇਕ ਵਿਅਕਤੀ ਪਾਸੋਂ 30,000 ਰੁਪਏ ਵੀ ਲੁੱਟ ਖੋਹ ਕੀਤੀ ਸੀ | ਰਾਹੂਲ ਕੁਮਾਰ ਉਰਫ ਬਿੱਲੀ ਦੇ ਖਿਲਾਫ਼ ਪਹਿਲਾ ਵੀ ਕਾਫੀ ਮੁਕੱਦਮੇ ਦਰਜ਼ ਹਨ | ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ |