ਫਤਿਆਬਾਦ, 17 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ 'ਚ ਅਣਪਛਾਤਿਆਂ ਵਲੋਂ ਬੀਤੀ ਰਾਤ ਗੋਲੀਆਂ ਚਲਾਉਣ ਦੀ ਖ਼ਬਰ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੈਰੀ ਵਾਲੀਆ ਨੇ ਦੱਸਿਆ ਕਿ 11 ਤੋਂ 12 ਵਜੇ ਦੇ 'ਚ ਸਾਡੇ ਘਰ ਅੱਗੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ | ਜੋ ਸਾਡੇ ਘਰ ਦੀਆਂ ਬਾਰੀਆਂ 'ਚ ਲੱਗੀਆਂ, ਜਿਸ ਨਾਲ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ | ਇਸ ਮੌਕੇ ਸ਼ੈਰੀ ਵਾਲੀਆ ਨੇ ਗੋਲੀਆਂ ਦੇ ਖੋਲ ਦਿਖਾਉਂਦੇ ਹੋਏ ਦੱਸਿਆ ਕਿ ਅਸੀਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ | ਇਸ ਮੌਕੇ ਪਹੁੰਚੀ ਪੁਲਿਸ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਕੇ ਪਤਾ ਲੱਗੇਗਾ ਕਿ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਆਉਂਦੀ ਹੈ ਜਾਂ ਨਹੀਂ | ਇਸ ਮੌਕੇ ਮਨਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਕਾਲਾ, ਬਿਲਾ ਚੌਪੜਾ, ਅਤੇ ਸੋਬਤੀ ਫਤਿਆਬਾਦ ਮੌਜੂਦ ਸਨ |