ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)-ਬਲਾਕ ਸੰਮਤੀ ਚੋਣਾਂ 'ਚ ਭਾਜਪਾ ਨੇ ਜ਼ਿਲ੍ਹਾ ਤਰਨ ਤਾਰਨ 'ਚ ਆਪਣਾ ਖਾਤਾ ਖੋਲਿ੍ਹਆ ਹੈ | ਹਲਕਾ ਖਡੂਰ ਸਾਹਿਬ ਦੇ ਜ਼ੋਨ ਰਾਣੀਵਲਾਹ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਲਈ ਹੈ | ਇਥੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਿੱਧਾ ਮੁਕਾਬਲਾ ਸੀ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਅਧਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਵਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਰਾਣੀਵਲਾਹ ਦੀ ਹੋਈ ਚੋਣ ਵਿਚ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਨੇ 873 ਵੋਟਾਂ ਪ੍ਰਾਪਤ ਕੀਤੀਆਂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ 449 ਵੋਟਾਂ ਹਾਸਲ ਕਰ ਸਕੇ | ਭਾਜਪਾ ਉਮੀਦਵਾਰ ਹਰਦੀਪ ਸਿੰਘ 424 ਵੋਟਾਂ ਨਾਲ ਜੇਤੂ ਰਹੇ | ਇਸ ਤੋਂ ਇਲਾਵਾ ਗੋਹਲਵੜ੍ਹ ਜ਼ੋਨ ਵਿਚ ਭਾਜਪਾ ਦਾ ਉਮੀਦਵਾਰ ਦੂਜੇ ਨੰਬਰ 'ਤੇ ਰਿਹਾ | ਇਸ ਤੋਂ ਇਲਵਾ ਹਲਕਾ ਖਡੂਰ ਸਾਹਿਬ ਦੇ ਜ਼ੋਨ ਬ੍ਰਹਮਪੁਰਾ 'ਚ ਵੀ ਭਾਜਪਾ ਦਾ ਉਮੀਦਵਾਰ ਪੁਸ਼ਪਿੰਦਰ ਸਿੰਘ ਵਧੀਆ ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਿਹਾ | ਭਾਜਪਾ ਦੇ ਉਮੀਦਵਾਰ ਨੇ ਝਾਮਕਾ ਖੁਰਦ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਜ਼ੋਨ ਦੇ ਅੰਦਰ ਪੈਂਦੇ ਪਿੰਡ ਨੂਰਪੁਰ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਕੁੱਲ 12 ਸੰਮਤੀ ਸੀਟਾਂ 'ਤੇ ਚੋਣ ਲੜੀ ਸੀ ਅਤੇ ਸਾਰੀਆਂ ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਵਧੀਆ ਵੋਟਾਂ ਪ੍ਰਾਪਤ ਕੀਤੀਆਂ |