ਨੌਸ਼ਹਿਰਾ ਪੰਨੂੰਆਂ, 18 ਦਸੰਬਰ (ਦੀਪਕ ਮੈਣੀ)-ਦਿਹਾਤੀ ਮਜ਼ਦੂਰ ਸਭਾ ਵਲੋਂ ਨੌਸ਼ਹਿਰਾ ਪੰਨੂੰਆਂ ਚੌਂਕੀ ਦਾ ਘਿਰਾਓ ਕੀਤਾ ਗਿਆ | ਧਰਨੇ ਦੀ ਅਗਵਾਈ ਦਿਆਲ ਸਿੰਘ ਲੌਹਕਾ, ਅੰਮਿ੍ਤਪਾਲ ਸਿੰਘ ਨੌਸ਼ਹਿਰਾ ਪੰਨੂਆਂ, ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਜਸਬੀਰ ਸਿੰਘ ਵੈਰੋਵਾਲ, ਸੁਖਦੇਵ ਸਿੰਘ ਜਵੰਦਾ, ਜਸਵੰਤ ਸਿੰਘ ਭਿੱਖੀਵਿੰਡ, ਹਰਜਿੰਦਰ ਸਿੰਘ ਚੂੰਘ, ਨਰਿੰਦਰ ਸਿੰਘ ਰਟੌਲ, ਮਨਦੀਪ ਸਿੰਘ ਕਲਸੀ, ਕਮਲਜੀਤ ਕੌਰ ਨੇ ਕਿਹਾ ਕਿ ਪਿੰਡ ਖੱਬੇ ਰਾਜਪੂਤਾਂ ਦੇ ਨਿਵਾਸੀ ਕੁਲਵੰਤ ਸਿੰਘ ਆਪਣੇ ਪਿਤਾ ਸਮੇਤ ਪਿੰਡ ਵਿਚ ਇਕ ਡਾਕਟਰ ਦੇ ਕਲੀਨਿਕ ਤੋਂ ਦਵਾਈ ਲੈਣ ਲਈ ਗਿਆ, ਜਿੱਥੇ ਕੁਲਵੰਤ ਸਿੰਘ ਅਤੇ ਡਾਕਟਰ ਦਾ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਝਗੜੇ ਦੌਰਾਨ ਡਾਕਟਰ ਵਲੋਂ ਕੁਲਵੰਤ ਸਿੰਘ ਅਤੇ ਉਸਦੇ ਪਿਤਾ ਦੀ ਖਿੱਚਧੂਹ ਕੀਤੀ ਅਤੇ ਵਾਲਾਂ ਤੋਂ ਫੜ੍ਹ ਕੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਜਾਤੀਸੂਚਕ ਗਾਲ੍ਹਾਂ ਕੱਢੀਆਂ ਤੇ ਗੋਲੀ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਰਹੇ | ਕੁਲਵੰਤ ਸਿੰਘ ਵਲੋਂ 26 ਨਵੰਬਰ ਨੂੰ ਚੌਂਕੀ ਨੌਸ਼ਹਿਰਾ ਪੰਨੂੰਆਂ ਦਰਖਾਸਤ ਦਿੱਤੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਦਿਹਾਤੀ ਮਜ਼ਦੂਰ ਸਭਾ ਵਲੋਂ ਵੀ ਕਈ ਵਾਰ ਚੌਂਕੀ ਇੰਚਾਰਜ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ, ਪਰ ਕੋਈ ਸੁਣਵਾਈ ਨਾ ਹੋਣ 'ਤੇ ਮਜ਼ਬੂਰ ਹੋ ਕੇ ਧਰਨਾ ਦਿੱਤਾ ਗਿਆ ਹੈ | ਇਸ ਮੌਕੇ ਧਰਨਾਕਾਰੀਆਂ ਨੰੂ ਏ.ਐਸ.ਆਈ. ਵਰਿਆਮ ਸਿੰਘ ਨੇ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |