ਪੱਟੀ, 19 ਦਸੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਲਾਜਰ ਮਸੀਹ ਦੀ ਪ੍ਰਧਾਨਗੀ ਵਿਚ ਮੋਟਰਸਾਈਕਲ ਰੇਹੜੀ ਚਾਲਕ ਮਜ਼ਦੂਰਾਂ ਦੀ ਇਕੱਕਰਤਾ ਚੂਸਲੇਵੜ ਮੋੜ 'ਤੇ ਹੋਈ | ਇਸ ਮੀਟਿੰਗ ਵਿਚ ਹਾਜ਼ਰ ਸਾਰਿਆਂ ਨੇ ਚਿੰਤਾ ਪ੍ਰਗਟ ਕੀਤੀ ਕੇ ਅੱਜ ਦੇ ਮਸ਼ੀਨਰੀ ਯੁੱਗ ਵਿਚ ਪਿੰਡਾਂ ਵਿਚ ਸਾਡੇ ਮਜ਼ਦੂਰ ਪਰਿਵਾਰਾਂ ਦੇ ਰੁਜ਼ਗਾਰ ਦੇ ਵਸੀਲੇ ਬੰਦ ਹੋ ਗਏ ਹਨ | ਅਸੀਂ ਮਜ਼ਬੂਰੀ ਵਸ ਜਗਾੜੂ ਮੋਟਰਸਾਈਕਲ ਰੇਹੜੀਆਂ ਬਣਾ ਕੇ ਆਪਣੇ ਪਰਿਵਾਰ ਪਾਲ ਰਹੇ ਹਾਂ | ਇਸ ਮੌਕੇ ਕਾਮਰੇਡ ਹਰਭਜਨ ਸਿੰਘ ਚੂਸਲੇਵੜ ਤੇ ਧਰਮ ਸਿੰਘ ਪੱਟੀ ਨੇ ਇਕ ਸੁਰ ਵਿੱਚ ਦੱਸਿਆ ਕਿ ਇਨ੍ਹਾਂ ਰੇਹੜੀਆਂ ਨਾਲ ਜਿੱਥੇ ਇਹਨਾਂ ਗਰੀਬਾਂ ਦੇ ਪਰਿਵਾਰ ਪਲ ਰਹੇ ਹਨ, ਉਥੇ ਆਮ ਲੋਕਾਂ ਲਈ ਵੀ ਇਹ ਵਰਦਾਨ ਸਾਬਿਤ ਹੋਈਆਂ ਹਨ | ਗਰੀਬ ਗੁਰਬਾ ਥੋੜੇ ਜਿਹੇ ਕਿਰਾਏ ਨਾਲ ਇਸ ਦੀ ਵਰਤੋਂ ਕਰ ਲੈਂਦਾ ਹੈ | ਉਨ੍ਹਾਂ ਕਿਹਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਵੇਂ ਅਦਾਲਤਾਂ ਵੀ ਇਹਨਾਂ 'ਤੇ ਰੋਕ ਲਾਉਣ 'ਤੇ ਤੁਲੀਆਂ ਹਨ, ਪਰ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਭਾਵੇਂ ਕੋਈ ਨਵਾਂ ਕਾਨੂੰਨ ਬਣਾਉਣਾ ਪਵੇ ਇਨ੍ਹਾਂ ਨੂੰ ਚਾਲੂ ਰੱਖਿਆ ਜਾਵੇ | ਰੇਹੜੀ ਚਾਲਕਾਂ ਨੇ ਫੈਸਲਾ ਕੀਤਾ ਕਿ ਅਸੀਂ ਪੱਟੀ ਇਲਾਕੇ ਵਿਚੋੋਂ ਹੋਰਨਾਂ ਨੂੰ ਨਾਲ ਲੈ ਕੇ ਵੱਡੀ ਗਿਣਤੀ ਵਿਚ 22 ਦਸੰਬਰ ਨੂੰ ਡੀ.ਸੀ ਦਫਤਰ ਤਰਨ ਤਾਰਨ ਜਗਾੜੂ ਰੇੜੀ ਚਾਲਕਾਂ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਪੁੱਜਾਂਗੇ | ਇਸ ਮੌਕੇ ਜਸਪਾਲ ਸਿੰਘ, ਸੁਖਾ ਸਿੰਘ, ਮਲਕੀਤ ਸਿੰਘ ਨਿਵਾਸੀ ਚੂਸਲੇਵੜ, ਜਗਰੂਪ ਸਿੰਘ ਤੁੰਗ, ਰਣਜੀਤ ਸਿੰਘ ਧਾਰੀਵਾਲ, ਗੁਰਮੇਲ ਸਿੰਘ ਭਿੱਖੀਵਿੰਡ, ਹੀਰਾ ਸਿੰਘ ਠੱਕਰਪੁਰਾ ਆਦਿ ਹਾਜ਼ਰ ਸਨ |