ਸਰਹਾਲੀ ਕਲਾਂ, 27 ਦਸੰਬਰ (ਅਜੇ ਸਿੰਘ ਹੁੰਦਲ)-ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ 'ਤੇ ਗ੍ਰਾਮ ਸਭਾਵਾਂ ਰਾਹੀਂ ਜਨਤਕ ਮੋਹਰ ਲਵਾਉਣ ਖਿਲਾਫ਼ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਸਰਹਾਲੀ ਕਲਾਂ ਵਿਖੇ ਕਾਮਰੇਡ ਬਲਜਿੰਦਰ ਕੌਰ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾ, ਜ਼ਿਲ੍ਹਾ ਆਗੂ ਕਾਮਰੇਡ ਹਰਜਿੰਦਰ ਕੌਰ ਸਰਹਾਲੀ ਕਲਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਕੇ ਪਿੰਡਾਂ ਦੇ ਖੇਤ ਮਜ਼ਦੂਰਾਂ ਨਾਲ਼ ਧਰੋਹ ਕਮਾ ਰਹੀ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ 'ਚੋਂ ਗ਼ੁਲਾਮੀ ਦੀਆਂ ਨਿਸ਼ਾਨੀਆਂ ਖ਼ਤਮ ਕਰਨ ਅਤੇ ਵਿਕਾਸ ਦੇ ਭਰਮਾਊ ਨਾਹਰੇ ਦੁਆਲੇ ਕਿਰਤੀ ਲੋਕਾਂ ਦੇ ਹਿੱਤਾਂ ਦੀ ਨਾਂਮਾਤਰ ਸੁਰੱਖਿਆ ਕਰਦੇ ਨਿਯਮਾਂ-ਕਾਨੂੰਨਾਂ ਨੂੰ ਸੋਧਣ ਤੇ ਬਦਲਣ ਰਾਹੀਂ ਸਾਮਰਾਜੀ ਮੁਲਕਾਂ, ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰ ਜਮਾਤ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਵੀ ਜੀ ਰਾਮ ਜੀ ਰਾਹੀਂ ਮਨਰੇਗਾ 'ਚ ਕੰਮ ਦੇ ਅਧਿਕਾਰ ਨੂੰ ਖਤਮ ਕਰਕੇ ਇਸਨੂੰ ਕੇਂਦਰ ਸਰਕਾਰ ਦੀ ਮਰਜ਼ੀ ਦਾ ਮੁਥਾਜ ਬਣਾ ਦਿੱਤਾ ਹੈ ਅਤੇ ਜੌਬ ਕਾਰਡਾਂ ਦੀ ਮਿਆਦ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕਰਨ ਤੇ ਕੇਂਦਰੀ ਬਜਟ ਘਟਾਉਣ ਵਰਗੇ ਮਜ਼ਦੂਰ ਵਿਰੋਧੀ ਕਦਮਾਂ ਨੂੰ ਕੰਮ ਦਿਹਾੜੀਆਂ ਵਧਾਉਣ ਦੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਕਿਰਤੀ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕਾਂਗਰਸ ਪਾਰਟੀ ਵੀ ਜੀ ਰਾਮ ਜੀ ਦੇ ਮਜ਼ਦੂਰ ਵਿਰੋਧੀ ਤੱਤ ਖਿਲਾਫ ਅਵਾਜ਼ ਉਠਾਉਣ ਦੀ ਥਾਂ ਸਿਰਫ਼ ਨਾਮ ਦੀ ਤਬਦੀਲੀ ਨੂੰ ਹੀ ਮੁੱਖ ਅਧਾਰ ਬਣਾ ਕੇ ਵਿਰੋਧ ਕਰ ਰਹੀ ਹੈ | ਉਨ੍ਹਾ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਨਰਿੰਦਰ ਮੋਦੀ ਹਕੂਮਤ ਵਾਂਗ ਵਿਦੇਸ਼ੀ ਪੂੰਜੀ ਨੂੰ ਹੀ ਸੂਬੇ ਦੇ ਵਿਕਾਸ ਦਾ ਮੰਤਵ ਦੱਸ ਕੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਰਾਹੀਂ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚਣ ਅਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਵਰਗੀਆਂ ਨੀਤੀ ਲਾਗੂ ਕਰ ਰਹੀ ਹੈ | ਉਨਾ ਪਿੰਡਾ ਦੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ, ਬਿਜਲੀ ਬਿੱਲ 2025 ਦੇ ਖਿਲਾਫ਼, ਚਾਰ ਲੇਬਰ ਕੋਡ ਰੱਦ ਕਰਾਉਣ ਅਤੇ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਤੇ ਗ੍ਰਾਮ ਸਭਾਵਾਂ ਰਾਹੀਂ ਜਨਤਕ ਮੋਹਰ ਲਵਾਉਣ ਖਿਲਾਫ਼ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ 'ਤੇ 6 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਹਾਜ਼ਰ ਆਗੂ ਸਾਥੀ ਪੂਰਨ ਸਿੰਘ, ਦਲਬੀਰ ਸਿੰਘ, ਜੋਗਿੰਦਰ ਸਿੰਘ, ਅਜੀਤ ਸਿੰਘ, ਸੀਮਾ, ਨਿੰਦਰ ਕੌਰ, ਗਗਨਦੀਪ ਸਿੰਘ, ਲਖਵਿੰਦਰ ਕੌਰ, ਰਵਿੰਦਰ ਸਿੰਘ, ਗੁਰਮੀਤ ਕੌਰ, ਜਗੀਰ ਸਿੰਘ, ਮਨਜੀਤ ਕੌਰ, ਸ਼ਿੰਦਰ ਕੌਰ ਆਦਿ ਹਾਜ਼ਰ ਸਨ |