ਤਰਨ ਤਾਰਨ, 30 ਦਸੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਨਜੋਤ ਕੌਰ ਨੇ ਚੈੱਕ ਬਾਊਾਸ ਦੇ ਇਕ ਮਾਮਲੇ ਵਿਚ ਪਤੀ ਪਤਨੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ | ਜਿਸ ਵਿਅਕਤੀ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਗਈ ਹੈ, ਉਹ ਆਮ ਆਦਮੀ ਪਾਰਟੀ ਦਾ ਪਿੰਡ ਸਫੀਪੁਰ ਤੋਂ ਮੌਜੂਦਾ ਸਰਪੰਚ ਹੈ | ਅਦਾਲਤ ਵਲੋਂ ਇਸ ਸਜ਼ਾ ਦੇ ਨਾਲ ਨਾਲ ਉਧਾਰ ਲਏ ਪੈਸੇ ਵੀ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ | ਜੇਕਰ ਉਕਤ ਪਤੀ ਪਤਨੀ ਇਹ ਪੈਸੇ ਨਹੀਂ ਜਮ੍ਹਾਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਛੇ ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ | ਸੀਨੀਅਰ ਐਡਵੋਕੇਟ ਅਭਿਨਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਨਿਵਾਸੀ ਕੰਵਲਜੀਤ ਸਿੰਘ ਨੇ ਪਿੰਡ ਸ਼ਫੀਪੁਰ ਦੇ ਸਰਪੰਚ ਸਤਨਾਮ ਸਿੰਘ ਪੁੱਤਰ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਨੂੰ 1 ਲੱਖ 20 ਹਜ਼ਾਰ ਰੁਪਏ ਉਧਾਰ ਦਿੱਤੇ ਸਨ | ਉਕਤ ਪਤੀ-ਪਤਨੀ ਨੇ ਆਪਣੇ ਸਾਂਝੇ ਖ਼ਾਤੇ 'ਚੋਂ ਪੈਸਿਆਂ ਦੇ ਬਦਲੇ ਕੰਵਲਜੀਤ ਸਿੰਘ ਨੂੰ ਗਰੰਟੀ ਦੇ ਤੌਰ 'ਤੇ ਚੈੱਕ ਦਿੱਤਾ ਸੀ ਅਤੇ ਇਹ ਕਿਹਾ ਸੀ ਕਿ ਉਹ ਜਲਦੀ ਹੀ ਪੈਸੇ ਵਾਪਸ ਕਰ ਦੇਣਗੇ | ਉਨ੍ਹਾਂ ਦੱਸਿਆ ਕਿ ਉਕਤ ਪਤੀ ਪਤਨੀ ਨੇ ਪੈਸੇ ਸਮੇਂ ਸਿਰ ਵਾਪਸ ਨਹੀਂ ਕੀਤੇ | ਜਿਸ 'ਤੇ ਕੰਵਲਜੀਤ ਸਿੰਘ ਵਲੋਂ ਪੈਸੇ ਲੈਣ ਲਈ ਦਿੱਤਾ ਗਿਆ ਚੈੱਕ ਬੈਂਕ ਵਿਚ ਲਗਾਇਆ ਤਾਂ ਉਹ ਬਾਊਾਸ ਹੋ ਗਿਆ, ਜਿਸ ਦੇ ਚਲਦਿਆਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉਕਤ ਪਤੀ ਪਤਨੀ ਦੇ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ | ਵਕੀਲ ਅਭੀਨਵ ਸ਼ਰਮਾ ਨੇ ਦੱਸਿਆ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਨਜੋਤ ਕੌਰ ਦੀ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਸਤਨਾਮ ਸਿੰਘ ਅਤੇ ਪਲਵਿੰਦਰ ਕੌਰ ਨੂੰ 138 ਐੱਨ.ਆਈ. ਐਕਟ ਦੇ ਤਹਿਤ ਇਕ-ਇਕ ਸਾਲ ਦੀ ਸਜਾ ਸੁਣਾਈ ਹੈ ਅਤੇ ਉਕਤ ਪਤੀ ਪਤਨੀ ਨੂੰ 1 ਲੱਖ 20 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਉਹ ਅੱਗੇ ਅਪੀਲ ਦਾਇਰ ਕਰ ਸਕਣਗੇ | ਇਹ ਪੈਸੇ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਛੇ ਮਹੀਨੇ ਦੀ ਹੋਰ ਸਜ਼ਾ ਭੁਗਤਣੀ ਪਵੇਗੀ |